Close

Member Punjab State Food Commission Mr. Vijay Dutt visits Tarn Taran District

Publish Date : 13/05/2022
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਸ਼੍ਰੀ ਵਿਜੈ ਦੱਤ ਵਲੋਂ ਜ਼ਿਲ੍ਹਾ ਤਰਨਤਾਰਨ ਦਾ ਦੌਰਾ
ਫੂਡ ਸਕਿਊਰਿਟੀ ਐਕਟ ਨੂੰ ਇੰਨ੍ਹ-ਬਿੰਨ੍ਹ ਲਾਗੂ ਕਰਵਾਉਣ ਲਈ ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤਾ ਵਿਚਾਰ-ਵਟਾਂਦਰਾ
ਪਿੰਡ ਅਲਾਦੀਨਪੁਰ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ ਮੀਲ ਦਾ ਕੀਤਾ ਨਿਰੀਖਣ
ਤਰਨ ਤਾਰਨ, 12 ਮਈ :
ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਸ਼੍ਰੀ ਵਿਜੈ ਦੱਤ ਵਲੋਂ ਅੱਜ ਜ਼ਿਲ੍ਹਾ ਤਰਨਤਾਰਨ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਅਧੀਨ ਸਾਰੀਆਂ ਪ੍ਰਮੁੱਖ ਸਕੀਮਾਂ ਜਿਸ ਵਿੱਚ 2 ਰੁਪਏ ਪ੍ਰਤੀ ਕਿਲੋ ਕਣਕ ਦੀ ਵੰਡ, ਮਿਡ ਡੇ ਮੀਲ ਅਤੇ ਆਂਗਨਵਾੜੀਆਂ ਰਾਹੀਂ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਭੋਜਨ ਦੀ ਵੰਡ ਕਰਨਾ ਅਤੇ ਖਾਧ ਸੁਰੱਖਿਆ ਆਦਿ ਨਾਲ ਸਬੰਧਤ ਕੰਮ-ਕਾਜ ਦੀ ਸਮੀਖਿਆ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀ ਸਕੱਤਰ ਸਿੰਘ ਬੱਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਲਖਵਿੰਦਰ ਸਿੰਘ ਰੰਧਾਵਾ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਤਰਨਤਾਰਨ ਮੈਡਮ ਸੰਯੋਗਤਾ, ਜ਼ਿਲ੍ਹਾ ਹੈੱਲਥ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਤਰਨਤਾਰਨ, ਜ਼ਿਲ੍ਹਾ ਮੈਨੇਜਰ ਮਿਡ-ਡੇ-ਮੀਲ ਤਰਨਤਾਰਨ ਹਾਜ਼ਰ ਸਨ।
ਇਸ ਦੌਰਾਨ ਸ਼੍ਰੀ ਵਿਜੈ ਦੱਤ ਵੱਲੋਂ ਫੂਡ ਸਕਿਊਰਿਟੀ ਐਕਟ ਨੂੰ ਇੰਨ੍ਹ-ਬਿੰਨ੍ਹ ਲਾਗੂ ਕਰਵਾਉਣ ਲਈ ਜ਼ਿਲ੍ਹਾ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖਾਣ-ਪੀਣ ਵਸਤੂਆਂ ਵੇਚਣ ਵਾਲੀਆਂ ਦੀ ਲਗਾਤਾਰ ਸੈਂਪਲਿੰਗ ਕੀਤੀ ਜਾਵੇ ਅਤੇ ਫੂਡ ਸਕਿਊਰਿਟੀ ਐਕਟ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਉਹਨਾਂ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਕਿਹਾ ਕਿ ਕਣਕ ਦੀ ਵੰਡ ਯੋਗਪਾਤਰੀਆਂ ਨੂੰ ਸਮੇਂ ਸਿਰ ਅਤੇ ਪੂਰੀ ਮਿਕਦਾਰ ਵਿੱਚ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਉਹਨਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲਾ ਮਿਡ-ਡੇ-ਮੀਲ ਜੋ ਕਿ ਸਿੱਧੇ ਤੌਰ ‘ਤੇ ਬੱਚਿਆਂ ਦੀ ਸਿਹਤ ਨਾਲ ਜੁੜਿਆ ਹੈ, ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਤਾਂ ਜੋ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਾ ਸਕੇ।
ਇਸ ਮੌਕੇ ਸ਼੍ਰੀ ਵਿਜੈ ਦੱਤ ਨੇ ਕਿਹਾ ਕਿ ਮਿਡ-ਡੇ-ਮੀਲ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਸਕੂਲਾਂ ਦੇ ਬਾਹਰ ਉੱਚ ਅਧਿਕਾਰੀਆਂ ਦੇ ਨਾਮ ਤੇ ਮੋਬਾਇਲ ਨੰਬਰ ਲਿਖ ਕੇ ਬੋਰਡ ਲਗਾਏ ਜਾਣ ਤਾਂ ਮਿਡ-ਡੇ-ਮੀਲ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਸਿੱਧੀ ਉੱਚ ਅਧਿਕਾਰੀਆਂ ਨੂੰ ਕੀਤੀ ਜਾ ਸਕੇ।
ਇਸ ਤੋਂ ਬਾਅਦ ਸ਼੍ਰੀ ਵਿਜੈ ਦੱਤ ਵੱਲੋਂ ਜ਼ਿਲ੍ਹੇ ਦੇ ਪਿੰਡ ਅਲਾਦੀਨਪੁਰ ਦੇ ਸਰਕਾਰੀ ਸਕੂਲ ਅਤੇ ਸਰਕਾਰੀ ਰਾਸ਼ਨ ਡੀਪੁ ਦਾ ਦੌਰਾ ਕੀਤਾ ਗਿਆ।ਇਸ ਦੌਰਾਨ ਉਹਨਾਂ ਵੱਲੋਂ ਪ੍ਰਾਇਮਰੀ ਤੇ ਮਿਡਲ ਸਕੂਲ ਦੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ ਮੀਲ ਦਾ ਨਿਰੀਖਣ ਕੀਤਾ ਗਿਆ ।