Message to take precautionary measures against Covid-19 by going door-to-door for a week-long through Mission Fateh”
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਮਿਸ਼ਨ ਫ਼ਤਿਹ” ਰਾਹੀਂ ਹਫ਼ਤਾ ਭਰ ਘਰ ਘਰ ਪਹੁੰਚਿਆਂ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਰੱਖਣ ਦਾ ਸੁਨੇਹਾ-ਡਿਪਟੀ ਕਮਿਸ਼ਨਰ
ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ ਅਤੇ ਯੂਥ ਕਲੱਬਾਂ ਤੋਂ ਇਲਾਵਾ ਵੱਖ-ਵੱਖ ਮੁਹੱਲਾ ਕਮੇਟੀਆਂ ਅਤੇ ਆਮ ਲੋਕਾਂ ਨੇ ਮਿਸ਼ਨ ਫਤਿਹ ਦੀ ਸਫਲਤਾ ਵਿਚ ਪਾਇਆ ਵਡਮੁੱਲਾ ਯੋਗਦਾਨ
ਤਰਨ ਤਾਰਨ, 21 ਜੂਨ :
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ “ਮਿਸ਼ਨ ਫਤਿਹ” ਦਾ ਸੁਨੇਹਾ ਹਫ਼ਤਾ ਭਰ ਵੱਖ ਵੱਖ ਧਿਰਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਘਰ-ਘਰ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ।ਅੱਜ ਐਤਵਾਰ ਨੂੰ ਵੀ ਮੁਹੱਲਾਂ ਕਮੇਟੀ ਅਤੇ ਨਾਗਰਿਕਾਂ ਵੱਲੋਂ ਲੋਕਾਂ ਨੂੰ ਕੋਵਿਡ-19 ਬਿਮਾਰੀ ਤੋਂ ਬਚਾਓ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ।ਇਸ ਦੌਰਾਨ ਲੋਕਾਂ ਨੂੰ ਮਾਸਕ ਪਾਉਣ, ਵਾਰ ਵਾਰ ਹੱਥ ਧੋਣ ਅਤੇ ਸਮਾਜਿਕ ਦੂਰੀ ਰੱਖਣ ਬਾਰੇ ਜਾਗਰੂਕ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੂਰਾ ਹਫ਼ਤਾ ਵੱਖ-ਵੱਖ ਸਰਕਾਰੀ ਵਿਭਾਗਾਂ, ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ ਅਤੇ ਯੂਥ ਕਲੱਬਾਂ ਤੋਂ ਇਲਾਵਾ ਵੱਖ-ਵੱਖ ਮੁਹੱਲਾ ਕਮੇਟੀਆਂ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕੇ ਕੋਰੋਨਾ ਨੂੰ ਹਰਾਉਣ ਲਈ ਤਿੰਨ ਜ਼ਰੂਰੀ ਚੀਜ਼ਾਂ ਮਾਸਕ ਪਹਿਨਣਾ, ਸਮਾਜਿਕ ਦੂਰੀ ਰੱਖਣਾ ਅਤੇ ਹੱਥ ਵਾਰ-ਵਾਰ ਧੋਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਮਿਸ਼ਨ ਫ਼ਤਿਹ ਤਹਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਵਾਲੇ ਪੈਂਫ਼ਲਿਟ ਵੀ ਦਿੱਤੇ ਗਏ।
ਜ਼ਿਕਰਯੋਗ ਹੈ ਕਿ ਇਸ ਹਫ਼ਤਾ ਭਰ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੌਰਾਨ ਐਤਵਾਰ ਨੂੰ ਜ਼ਿਲੇ ਭਰ ’ਚ ਪ੍ਰਚਾਰ ਵਾਹਨਾਂ ਰਾਹੀਂ ਜਾਗਰੂਕਤਾ, ਸੋਮਵਾਰ ਨੂੰ ਕੋੋਰਨਾ ਯੋਧਿਆਂ ਲਈ ਬੈਜ ਦੀ ਵੰਡ, ਮੰਗਲਵਾਰ ਨੂੰ ਆਂਗਨਵਾੜੀ ਵਰਕਰਾਂ ਰਾਹੀਂ ਘਰ-ਘਰ ਸੁਚੇਤ ਰਹਿਣ ਦਾ ਹੋਕਾ, ਬੁੱਧਵਾਰ ਨੂੰ ਪੰਚਾਇਤਾਂ ਰਾਹੀਂ ਜਾਗਰੂਕਤਾ, ਵੀਰਵਾਰ ਨੂੰ ਜ਼ਿਲੇ ਭਰ ’ਚ ਦੁਬਾਰਾ ਪ੍ਰਚਾਰ ਵਾਹਨਾਂ ਰਾਹੀਂ ਸੁਚੇਤਤਾ, ਸ਼ੁੱਕਰਵਾਰ ਨੂੰ ਐੱਨ. ਜੀ. ਓਜ਼ ਦੀ ਸ਼ਮੂਲੀਅਤ ਕਰਕੇ ਉਨਾਂ ਨੂੰ ਲੋਕਾਂ ’ਚ ਜਾਗਰੂਕਤਾ ਲਈ ਪ੍ਰੇਰਿਆ ਗਿਆ, ਸ਼ਨਿੱਚਰਵਾਰ ਨੂੰ ਜ਼ਿਲਾ ਪੁਲਿਸ ਵੱਲੋਂ ਆਪਣੇ ਪੱਧਰ ’ਤੇ ਗਤੀਵਿਧੀਆਂ ਕਰਕੇ ਕੋੋਰਨਾ ’ਤੇ ਫ਼ਤਿਹ ਪਾਉਣ ਲਈ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ ਗਿਆ।
ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਕੋੋਰੋਨਾ ਦੀ ਲੜਾਈ ’ਚ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾ ਕੇ, ਉਨਾਂ ਨੂੰ ਜਾਗਰੂਕ ਕਰਨਾ ਹੈ, ਜਿਸ ਵਿੱਚ ਅਸੀਂ ਕਾਮਯਾਬ ਵੀ ਹੋਏ ਹਾਂ। ਉਨਾਂ ਦੱਸਿਆ ਕਿ “ਮਿਸ਼ਨ ਫ਼ਤਿਹ” ਉਦੋਂ ਤੱਕ ਚਲਦਾ ਰਹੇਗਾ ਜਦੋਂ ਤੱਕ ਅਸੀਂ ਰਾਜ ਜਾਂ ਜ਼ਿਲੇ ’ਚ ਕੋਰੋਨਾ ’ਤੇ ਮੁਕੰਮਲ ਰੂਪ ’ਚ ਫ਼ਤਿਹ ਨਹੀਂ ਪਾ ਲੈਂਦੇ।