Mock drill conducted by NDRF at Harike Head Works Nose Point

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਐੱਨ. ਡੀ. ਆਰ. ਐੱਫ਼. ਵੱਲੋਂ ਹਰੀਕੇ ਹੈੱਡ ਵਰਕਸ ਨੋਜ਼ ਪੁਆਇੰਟ ‘ਤੇ ਕੀਤੀ ਗਈ ਮੌਕ ਡਰਿੱਲ
ਵੱਖ-ਵੱਖ ਵਿਭਾਗਾਂ ਤੇ ਆਮ ਲੋਕਾਂ ਨੂੰ ਪਾਣੀ ਵਿੱਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਣ ਦੇ ਤਰੀਕਿਆਂ ਬਾਰੇ ਦਿੱਤੀ ਜਾਣਕਾਰੀ
ਤਰਨ ਤਾਰਨ, 22 ਅਪ੍ਰੈਲ :
ਐੱਨ. ਡੀ. ਆਰ. ਐੱਫ਼. ਵੱਲੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਦੇ ਸਹਿਯੋਗ ਨਾਲ ਹਰੀਕੇ ਪੱਤਣ ਵਿਖੇ ਨੋਜ਼ ਪੁਆਇੰਟ ਹਰੀਕੇ ਹੈੱਡਵਰਕਸ ‘ਤੇ ਹੜ੍ਹ ਮੌਕੇ ਕੀਤੇ ਜਾਣ ਵਾਲੇ ਬਚਾਓ ਕਾਰਜਾਂ ਦੀ ਮੌਕ ਡਰਿੱਲ ਕੀਤੀ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸ. ਡੀ. ਐੱਮ. ਪੱਟੀ ਸ੍ਰੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਮੌਕ ਡਰਿੱਲ ਰਾਹੀਂ ਜਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਵਿੱਚ ਆਪਸੀ ਤਾਲਮੇਲ ਮਜ਼ਬੂਤ ਹੁੰਦਾ ਹੈ ਅਤੇ ਬਚਾਓ ਕਾਰਜਾਂ ਸਬੰਧੀ ਸਾਰਿਆਂ ਨੂੰ ਸਿਖਲਾਈ ਮਿਲ ਜਾਂਦੀ ਹੈ।ਉਹਨਾਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਦੇ ਕਈ ਇਲਾਕੇ ਦਰਿਆ ਬਿਆਸ ਅਤੇ ਸਤਲੁਜ ਦੇ ਨਾਲ ਲੱਗਦੇ ਹੋਣ ਕਾਰਨ ਇੱਥੇ ਹੜ੍ਹਾਂ ਦਾ ਖਤਰਾ ਰਹਿੰਦਾ ਹੈ ਅਤੇ ਇਸ ਸਿਖਲਾਈ ਨਾਲ ਜ਼ਿਲਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਹੋਵੇਗਾ।
ਇਸ ਮੌਕੇ ਐੱਨ. ਡੀ. ਆਰ. ਐੱਫ਼. ਦੇ ਅਧਿਕਾਰੀ ਸ੍ਰੀ ਪੰਕਜ ਸ਼ਰਮਾ ਅਸਿਸਟੈਂਟ ਕਮਾਂਡੈਂਟ ਨੇ ਦੱਸਿਆ ਕਿ ਐੱਨ. ਡੀ. ਆਰ. ਐੱਫ਼. ਦੀਆਂ ਦੇਸ਼ ਵਿੱਚ 16 ਬਟਾਲੀਅਨਾਂ ਨਾਲ ਹਨ ਅਤੇ ਇਹ ਮੌਕ ਡਰਿੱਲ ਸੱਤਵੀਂ ਬਟਾਲੀਅਨ ਵੱਲੋਂ ਕਰਵਾਈ ਗਈ ਹੈ।ਇਸ ਮੌਕੇ ਐੱਨ. ਡੀ. ਆਰ. ਐੱਫ਼. ਦੀ ਟੀਮ ਵੱਲੋਂ ਬਚਾਓ ਕਾਰਜਾਂ ਵਿੱਚ ਵਰਤੇ ਜਾਣ ਵਾਲੇ ਔਜ਼ਾਰਾਂ ਅਤੇ ਮਸ਼ੀਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਜ਼ਿਲਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਪਾਣੀ ਵਿੱਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਐੱਨ. ਡੀ. ਆਰ. ਐੱਫ਼. ਦੀ ਟੀਮ ਨੇ ਘਰੇਲੂ ਸਮਾਨ ਤੋਂ ਬਣਾਈਆਂ ਗਈਆਂ ਵਸਤਾਂ ਵਿਖਾਈਆਂ, ਜਿੰਨਾਂ ਦੀ ਵਰਤੋਂ ਕਰਕੇ ਆਮ ਲੋਕ ਬੜੀ ਆਸਾਨੀ ਨਾਲ ਹੜ੍ਹ ਦੇ ਪਾਣੀ ਵਿੱਚੋਂ ਆਪਣਾ ਬਚਾਓ ਕਰ ਸਕਦੇ ਹਨ।
ਇਸ ਮੌਕੇ ਐੱਨ. ਡੀ. ਆਰ. ਐੱਫ਼. 7ਵੀਂ ਬਟਾਲੀਅਨ ਬਠਿੰਡਾ ਤੋਂ ਇੰਸਪੈਕਟਰ ਯੁੱਧਵੀਰ ਸਿੰਘ, ਸਬ-ਇੰਸਪੈਕਟਰ ਸ਼ਸੀ ਤੇ ਸਤਪਾਲ ਸਿੰਘ, ਏ. ਐੱਸ. ਆਈ. ਰਾਮ ਪ੍ਰਕਾਸ਼ ਸਮੇਤ ਟੀਮ ਮੈਂਬਰ ਅਤੇ ਐੱਸ. ਐੱਮ. ਓ. ਡਾ. ਨੀਤੂ, ਇਕਬਾਲ ਸਿੰਘ ਸਿੱਧੂ ਸਰਪੰਚ ਹਰੀਕੇ, ਰਣਜੀਤ ਸਿੰਘ ਪਟਵਾਰੀ, ਲਲਿਤ ਅਰੋੜਾ, ਬਲਜੀਤ ਕੌਰ ਆਰ. ਸੀ. ਹਰੀਕੇ ਅਤੇ ਆਮ ਲੋਕਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।