Close

MP Jasbir Singh Gill (Dimpa) raises voice in favor of Anganwadi Workers and Helpers in Lok Sabha

Publish Date : 30/03/2021
ਸੰਸਦ ਮੈਂਬਰ ਸ੍ਰੀ ਜਸਬੀਰ ਸਿੰਘ ਗਿੱਲ (ਡਿੰਪਾ) ਵੱਲੋਂ ਲੋਕ ਸਭਾ ਵਿੱਚ ਆਂਗਣਬਾੜੀ ਵਰਕਰਾਂ ਅਤੇ ਹੈਲਪਰਾਂ ਦੇ ਹੱਕ ਵਿੱਚ ਕੀਤੀ ਗਈ ਆਵਾਜ਼ ਬੁਲੰਦ
ਆਂਗਣਬਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਮਾਣ-ਭੱਤਾ ਦੇਣ ਦੀ ਥਾਂ ਰੈਗੂਲਰ ਸਰਕਾਰੀ ਕਰਮਚਾਰੀਆਂ ਵਾਂਗ ਭਰਤੀ ਕਰਕੇ ਸਾਰੀਆਂ ਸਹੂਲਤਾਂ ਅਤੇ ਭੱਤੇ ਦਿੱਤੇ ਜਾਣ ਦੀ ਕੀਤੀ ਮੰਗ 
ਤਰਨ ਤਾਰਨ, 25 ਮਾਰਚ :
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸ੍ਰੀ ਜਸਬੀਰ ਸਿੰਘ ਗਿੱਲ (ਡਿੰਪਾ) ਵੱਲੋਂ ਲੋਕ ਸਭਾ ਵਿੱਚ ਆਂਗਣਬਾੜੀ ਵਰਕਰਾਂ ਅਤੇ ਹੈਲਪਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਂਗਣਬਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਸੇਵਾਵਾਂ ਦੂਜੇ ਸਰਕਾਰੀ ਕਰਮਚਾਰੀਆਂ ਵਾਂਗ ਰੈਗੂਲਰ ਕੀਤੀਆਂ ਜਾਣ ਤਾਂ ਜੋ ਉਹ ਵੀ ਸਨਮਾਨ ਪੂਰਵਕ ਜੀਵਨ ਦਾ ਨਿਰਵਾਹ ਕਰ ਸਕਣ।
ਸੰਸਦ ਦੇ ਬੱਜਟ ਸੈਸ਼ਨ ਦੌਰਾਨ ਬੋਲਦਿਆਂ ਸ੍ਰੀ ਡਿੰਪਾ ਨੇ ਕਿਹਾ ਕਿ ਆਂਗਣਬਾੜੀ ਵਰਕਰਾਂ ਅਤੇ ਹੈਲਪਰਾਂ ਦਾ ਬੱਚਿਆਂ ਦੀ ਬੌਧਿਕ ਅਤੇ ਸਰੀਰਕ ਵਿਕਾਸ ਵਿੱਚ ਅਹਿਮ ਯੋਗਦਾਨ ਹੁੰਦਾ ਹੈ, ਕਿਉਂਕਿ ਉਹਨਾਂ ਵੱਲੋਂ 3 ਤੋਂ 06 ਸਾਲ ਦੇ ਬੱਚਿਆਂ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ, ਜੋ ਕਿ ਹਰ ਬੱਚੇ ਦੇ ਵਿਕਾਸ ਲਈ ਉਮਰ ਦਾ ਅਹਿਮ ਪੜਾਅ ਹੁੰਦਾ ਹੈ।
ਉਹਨਾਂ ਆਂਗਣਬਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਕਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਫਰੰਟਲਾਈਨ ਵਰਕਰਾਂ ਦੇ ਤੌਰ ‘ਤੇ ਕਰੋਨਾ ਮਰੀਜ਼ਾਂ ਨੂੰ ਲੱਭਣ ਅਤੇ ਕੰਨਟੈਕਟ ਟਰੇਸਿੰਗ ਅਤੇ ਟੈਸਟਿੰਗ ਵਿੱਚ ਨਿਭਾਈ ਅਹਿਮ ਭੂਮਿਕਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰਾਂ ਵੱਲੋਂ ਲੰਬੇ ਸਮੇਂ ਤੋਂ ਇਸ ਵਰਗ ਦੀਆਂ ਮਾਣਮੱਤੀਆਂ ਸੇਵਾਵਾਂ ਨੂੰ ਅੱਖੋ-ਪਰੋਖੇ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇਸ ਵਰਗ ਅਤੇ ਛੋਟੇ ਬੱਚਿਆਂ ਦੇ ਚੰਗੇ ਭਵਿੱਖ ਲਈ ਆਂਗਣਬਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਮਾਣ-ਭੱਤਾ ਦੇਣ ਦੀ ਥਾਂ ਰੈਗੂਲਰ ਸਰਕਾਰੀ ਕਰਮਚਾਰੀਆਂ ਵਾਂਗ ਭਰਤੀ ਕਰਕੇ ਸਾਰੀਆਂ ਸਹੂਲਤਾਂ ਅਤੇ ਭੱਤੇ ਦਿੱਤੇ ਜਾਣ। 
ਉਹਨਾਂ ਇਹ ਵੀ ਮੰਗ ਕੀਤੀ ਕਿ ਆਂਗਣਵਾੜੀ ਕੇਂਦਰਾਂ ਦੇ ਨਵੀਨੀਕਰਨ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ, ਜਿਸ ਵਿੱਚ ਨਵੀਆਂ ਇਮਾਰਤਾਂ ਦੀ ਉਸਾਰੀ, ਪੀਣ ਵਾਲ ੁਸਾਫ਼ ਪਾਣੀ ਦਾ ਪ੍ਰਬੰਧ, ਫਰਨੀਚਰ ਅਤੇ ਕੂਲਰਾਂ ਆਦਿ ਦੀ ਵਿਵਸਥਾ ਕਰਨ ਦੇ ਨਾਲ-ਨਾਲ ਬੱਚਿਆਂ ਦੀ ਰੁਚੀ ਅਨੁਸਾਰ ਖਿਡੌਣੇ ਅਤੇ ਉਹਨਾਂ ਵਿੱਚ ਸਿੱਖਣ ਦੀ ਸ਼ਕਤੀ ਨੂੰ ਪ੍ਰਫੁੱਲਿਤ ਕਰਨ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਯਕੀਨੀ ਬਣਾਈ ਜਾਵੇ।
ਸ੍ਰੀ ਡਿੰਪਾ ਨੇ ਇਹ ਵੀ ਕਿਹਾ ਕਿ ਕਰੋਨਾ ਵਿਰੁੱਧ ਲੰਬੀ ਲੜਾਈ ਦੇ ਮੱਦੇਨਜ਼ਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਕੋਵਿਡ ਵੈਕਸੀਨ ਪਹਿਲ ਦੇ ਆਧਾਰ ’ਤੇ ਲਗਾਈ ਜਾਵੇ।