Mr. Vijay Dutt, member of Punjab State Food Commission, made a surprise inspection of government schools and Anganwadi centers in Bagdi and Pakhoke villages of the district.
ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਵਿਜੇ ਦੱਤ ਨੇ ਜ਼ਿਲੇ ਦੇ ਪਿੰਡ ਬਾਗੜੀਆਂ ਅਤੇ ਪੱਖੋਕੇ ਦੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦਾ ਕੀਤਾ ਅਚਨਚੇਤ ਨਿਰੀਖਣ
ਤਰਨਤਾਰਨ, 26 ਸਤੰਬਰ :
ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਵਿਜੇ ਦੱਤ ਨੇ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਬਾਗੜੀਆਂ ਅਤੇ ਪਿੰਡ ਪੱਖੋਕੇ ਦੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਮਿਡ-ਡੇ-ਮੀਲ ਅਤੇ ਹੋਰ ਭਲਾਈ ਸਕੀਮਾਂ ਨੂੰ ਲਾਗੂ ਕਰਨ ਦਾ ਜਾਇਜ਼ਾ ਲਿਆ।
ਉਨ੍ਹਾਂ ਪਿੰਡ ਬਾਗੜੀਆਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਚਾਰ ਆਂਗਣਵਾੜੀ ਕੇਂਦਰਾਂ ਅਤੇ ਪਿੰਡ ਪੱਖੋਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਅਤੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਕਮਿਸ਼ਨ ਮੈਂਬਰਾਂ ਨੇ ਮਿਡ-ਡੇ-ਮੀਲ ਰਸੋਈ, ਭੋਜਨ ਟੈਸਟ ਰਜਿਸਟਰ, ਬੱਚਿਆਂ ਦਾ ਹਾਜ਼ਰੀ ਰਜਿਸਟਰ, ਆਟਾ, ਚਾਵਲ, ਕਮਿਸ਼ਨ ਦਾ ਹੈਲਪਲਾਈਨ ਨੰਬਰ, ਬੱਚਿਆਂ ਦੀ ਸਿਹਤ ਜਾਂਚ ਅਤੇ ਮਿਡ-ਡੇ-ਮੀਲ ਵਰਕਰਾਂ ਦੀ ਚੈਕਿੰਗ ਕੀਤੀ।
ਉਨ੍ਹਾਂ ਸਕੂਲੀ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਮਿਡ-ਡੇ-ਮੀਲ ਸਬੰਧੀ ਜਾਣਕਾਰੀ ਲਈ। ਉਨ੍ਹਾਂ ਸਕੂਲ ਦੇ ਮਿਡ-ਡੇ-ਮੀਲ ਇੰਚਾਰਜ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੱਚਿਆਂ ਨੂੰ ਸਾਫ਼-ਸੁਥਰਾ ਭੋਜਨ ਮੁਹੱਈਆ ਕਰਵਾਇਆ ਜਾਵੇ ਅਤੇ ਖਾਣਾ ਬਣਾਉਣ ਅਤੇ ਪਰੋਸਣ ਸਮੇਂ ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਜਾਵੇ।
ਕਮਿਸ਼ਨ ਦੇ ਮੈਂਬਰ ਨੇ ਇਸ ਗੱਲ ’ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਪੱਖੋਕੇ (ਲੜਕੀਆਂ) ਨੂੰ ਛੱਡ ਕੇ ਉਪਰੋਕਤ ਸਾਰੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਹੈਲਪਲਾਈਨ ਨੰਬਰ ਨਹੀਂ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਲਾਭਪਾਤਰੀ ਨੂੰ ਉਪਰੋਕਤ ਸਕੀਮਾਂ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਕਮਿਸ਼ਨ ਨੇ ਹਰ 6 ਮਹੀਨੇ ਬਾਅਦ ਸਕੂਲੀ ਵਿਦਿਆਰਥੀਆਂ ਦੀ ਸਿਹਤ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਅਤੇ ਮਿਡ ਡੇ ਮੀਲ ਵਰਕਰਾਂ ਦਾ ਮੈਡੀਕਲ ਚੈਕਅੱਪ ਕਰਨ ਦੇ ਵੀ ਨਿਰਦੇਸ਼ ਦਿੱਤੇ।
ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਕਿਹਾ ਕਿ ਉਹ ਸਮੇਂ-ਸਮੇਂ ‘ਤੇ ਅਚਨਚੇਤ ਦੌਰੇ ਕਰਦੇ ਰਹਿਣਗੇ। ਤਾਂ ਜੋ ਲਾਭਪਾਤਰੀਆਂ ਨੂੰ ਉਨ੍ਹਾਂ ਦਾ ਬਣਦਾ ਲਾਭ ਮਿਲਦਾ ਰਹੇ। ਉੁਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਇਨ੍ਹਾਂ ਸਕੀਮਾਂ ਪ੍ਰਤੀ ਲਾਪਰਵਾਹੀ ਰੱਖਦਾ ਹੈ, ਜਿਸ ਕਾਰਨ ਲਾਭਪਾਤਰੀਆਂ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।