My main objective is to raise the standard of education further – Deputy CEO Secondary
ਵਿੱਦਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣਾ ਮੇਰਾ ਮੁੱਖ ਮੰਤਵ – ਡਿਪਟੀ ਡੀ ਈ ਓ ਸੈਕੰਡਰੀ
ਤਰਨ ਤਾਰਨ 10 ਮਈ ( ਸਟਾਫ ਰਿਪੋਰਟ ) – ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਗੁਰਬਚਨ ਸਿੰਘ ਲਾਲੀ ਨੇ ਕਿਹਾ ਕਿ ਉਹ ਤਰਨ ਤਾਰਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਅਕ ਮਿਆਰ ਨੂੰ ਹੋਰ ਉੱਚਾ ਚੁੱਕਣ ਵਿੱਚ ਕਿਸੇ ਕਿਸਮ ਦੀ ਕਸਰ ਬਾਕੀ ਨਹੀ ਛੱਡਣਗੇ । ਇਹ ਸ਼ਬਦ ਉਹਨਾਂ ਨੇ ਅੱਜ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨ ਤਾਰਨ ਵਿਖੇ ਗੱਲਬਾਤ ਕਰਦਿਆਂ ਕਹੇ । ਇਸ ਮੌਕੇ ਉਹਨਾਂ ਨੂੰ ਕੈਰੀਅਰ ਕਾਉਂਸਲਰ ਸੁਖਬੀਰ ਸਿੰਘ ਕੰਗ, ਸੀਨੀਅਰ ਸਹਾਇਕ ਦਿਲਬਾਗ ਸਿੰਘ, ਮੁੱਖ ਅਧਿਆਪਕ ਸ੍ਰ ਹਰਿੰਦਰ ਸਿੰਘ, ਸ ਹ ਸਕੂਲ ਬੁਰਜ ਰਾਏ ਕੇ ਵੱਲੋਂ ਗੁੱਲਦਸਤਾ ਭੇਂਟ ਕਰਕੇ ਜੀ ਆਇਆਂ ਨੂੰ ਕਿਹਾ । ਇਥੇ ਜਿਕਰਯੋਗ ਹੈ ਕਿ ਸ੍ਰ ਗੁਰਬਚਨ ਸਿੰਘ ਲਾਲੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਲੜਕੇ ਵਿਖੇ ਸੇਵਾ ਨਿਭਾਈ ਹੈ । ਉਸ ਵੇਲੇ ਦੌਰਾਨ ਉਹਨਾਂ ਨੇ ਸਕੂਲ ਦੀ ਦਸ਼ਾ ਅਤੇ ਦਿਸ਼ਾ ਨੂੰ ਉਸਾਰੂ ਲੀਹਾਂ ਤੇ ਲਿਆਉਣ ਲਈ ਕੋਈ ਕਸਰ ਬਾਕੀ ਨਹੀ ਛੱਡੀ । ਇਸ ਸਾਲ ਉਹਨਾਂ ਨੇ ਸਕੂਲ ਦੇ ਬੱਚਿਆਂ ਦੇ ਦਾਖਲੇ ਵਿੱਚ 33 ਫੀਸਦੀ ਵਾਧਾ ਕੀਤਾ ਹੈ । ਜਿਸ ਕਾਰਨ ਮਾਣਯੋਗ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਵੀ ਉਹਨਾਂ ਨੂੰ ਵਧਾਈ ਦਿੱਤੀ ਗਈ । ਸ੍ਰ ਗੁਰਬਚਨ ਸਿੰਘ ਨੇ ਕਿਹਾ ਕਿ ਉਹ ਹੁਣ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰ ਸਤਨਾਮ ਸਿੰਘ ਬਾਠ ਜੀ ਦੀ ਅਗਵਾਈ ਵਿੱਚ ਸਖ਼ਤ ਮਿਹਨਤ ਕਰਨਗੇ ਅਤੇ ਵਿਭਾਗ ਵੱਲੋਂ ਮਿਲੇ ਹੋਏ ਟੀਚੇ ਜਿਸ ਵਿਚ ਸਮਾਰਟ ਸਕੂਲ, ਨਵੇਂ ਵਿਦਿਆਰਥੀਆਂ ਦਾ ਦਾਖਲਾ , ਜ਼ੂਮ ਕਲਾਸਾਂ ਅਤੇ ਉਸਾਰੂ ਕੰਮਾਂ ਨੂੰ ਹੋਰ ਤੇਜ਼ ਕਰਨਗੇ । ਉਹਨਾਂ ਕਿਹਾ ਕਿ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਅੰਦਰ ਵਿੱਦਿਅਕ ਮਿਆਰ ਨੂੰ ਹੋਰ ਉੱਚਾ ਚੁੱਕਣਾ ਮੇਰਾ ਮੁੱਖ ਮੰਤਵ ਹੈ ।