Nature-friendly methods should be adopted to maintain soil fertility: Dr. Harpal Singh Pannu
ਜਮੀਨ ਦੀ ਉਪਜਾਊ ਸ਼ਕਤੀ ਬਣਾਏ ਰੱਖਣ ਲਈ ਕੁਦਰਤ ਪੱਖੀ ਤਰੀਕੇ ਅਪਣਾਏ ਜਾਣ: ਡਾ ਹਰਪਾਲ ਸਿੰਘ ਪੰਨੂ
ਸਰਫੇਸ ਸੀਡਰ ਸੌਖੀ ਅਤੇ ਸਸਤੀ ਤਕਨੀਕ: ਉੱਦਮੀ ਕਿਸਾਨ
ਕਿਸਾਨਾਂ ਦੁਆਰਾ ਪਰਾਲੀ ਪ੍ਰਬੰਧਨ ਕਰਦਿਆਂ ਕਣਕ ਬਿਜਾਈ ਲਈ ਅਪਣਾਏ ਵੱਖ ਵੱਖ ਤਰੀਕਿਆਂ ਦਾ ਨਿਰੀਖਣ ਕਰਨ ਸਬੰਧੀ ਮੁੱਖ ਖੇਤੀਬਾੜੀ ਅਫਸਰ, ਤਰਨਤਾਰਨ ਡਾ ਹਰਪਾਲ ਸਿੰਘ ਪੰਨੂ, ਬਲਾਕ ਖੇਤੀਬਾੜੀ ਅਫਸਰ ਪੱਟੀ ਡਾ ਭੁਪਿੰਦਰ ਸਿੰਘ ਅਤੇ ਸੁਖਬੀਰ ਸਿੰਘ ਤਕਨੀਸ਼ਨ ਨੇ ਵੱਖ-ਵੱਖ ਪਿੰਡਾਂ ਦਾ ਖੇਤ ਨਿਰੀਖਣ ਕੀਤਾ। ਇਸ ਦੌਰਾਨ ਵੱਖ-ਵੱਖ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਉਹਨਾਂ ਕਿਹਾ ਕਿ ਮੌਸਮ ਵਿੱਚ ਹੋ ਰਹੀ ਤਬਦੀਲੀ ਅਤੇ ਜਮੀਨ ਦੀ ਉਪਜਾਊ ਸ਼ਕਤੀ ਬਣਾਏ ਰੱਖਣ ਲਈ ਬਹੁਤ ਜਰੂਰੀ ਹੈ ਕਿ ਕੁਦਰਤ ਪੱਖੀ ਅਜਿਹੇ ਕਾਸ਼ਤਕਾਰੀ ਢੰਗ ਅਪਣਾਏ ਜਾਣ ਜਿਸ ਨਾਲ ਕਿਸਾਨਾਂ ਦੇ ਖੇਤੀ ਖਰਚੇ ਘੱਟ ਹੋ ਸਕਣ ਅਤੇ ਆਮਦਨ ਵਿੱਚ ਮੁਨਾਫਾ ਹੋਵੇ।
ਨਿਰੀਖਣ ਦੌਰਾਨ ਪਿਛਲੇ ਪੰਜ ਸਾਲ ਤੋਂ ਪਰਾਲੀ ਪ੍ਰਬੰਧਨ ਕਰ ਰਹੇ ਨੰਬਰਦਾਰ ਮਨਜੀਤ ਸਿੰਘ ਪਿੰਡ ਰਾਏਪੁਰ ਬਲੀਮ (ਬੁਰਜ ਰਾਏ ਕੇ ) ਨੇ ਤਜਰਬਾ ਸਾਂਝਾ ਕੀਤਾ ਕਿ ਜ਼ਿਲਾ ਪ੍ਰਸ਼ਾਸਨ ਦੀ ਹਦਾਇਤਾਂ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਦਾਰੀ ਨੂੰ ਮਹਿਸੂਸ ਕਰਦਿਆਂ 5 ਸਾਲ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣੀ ਛੱਡ ਦਿੱਤੀ ਸੀ। ਕਣਕ ਦੀ ਬਿਜਾਈ ਲਈ ਪਹਿਲਾਂ ਪਹਿਲ ਖੇਤ ਵਿੱਚ ਖੁੱਲਾ ਪਾਣੀ ਲਗਾ ਕੇ ਪਰਾਲ ਨੂੰ ਖੇਤ ਵਿੱਚ ਰਲਾ ਕੇ ਕਣਕ ਬਿਜਾਈ ਕੀਤੀ। ਪਰ ਬਾਅਦ ਵਿੱਚ ਕਣਕ ਦੀ ਬਿਜਾਈ ਸੌਖੀ ਅਤੇ ਢੁੱਕਵੀਂ ਤਕਨੀਕ ਹੈਪੀ ਸੀਡਰ ਨਾਲ ਲਗਾਤਾਰ ਤਿੰਨ ਸਾਲ ਕਿਰਾਏ ਤੇ ਕਰਾਈ। ਇਸ ਨਾਲ ਜਮੀਨ ਵਿੱਚ ਮੱਲੜ ਵਧਣ ਨਾਲ ਜਮੀਨ ਭੁੱਰਭੁਰੀ ਹੋਈ ਅਤੇ ਕਣਕ, ਝੋਨੇ ਦੇ ਝਾੜ ਵਿੱਚ ਵਧੀਆ ਨਤੀਜੇ ਮਿਲੇ। ਹੁਣ ਖਾਦਾਂ ਦੀ ਵੀ ਖਪਤ ਪਹਿਲਾਂ ਦੇ ਮੁਕਾਬਲੇ ਘਟ ਗਈ ਹੈ। ਇਸ ਵਾਰ ਕਿਰਾਏ ਤੇ ਹੈਪੀ ਸੀਡਰ ਨਾ ਮਿਲਣ ਕਰਕੇ ਜਿੱਥੇ ਤਿੰਨ ਏਕੜ ਸੁਪਰ ਸੀਡਰ ਨਾਲ ਉੱਥੇ ਸਾਢੇ ਚਾਰ ਏਕੜ ਵਿੱਚ ਸਰਫੇਸ ਸੀਡਰ ਤਕਨੀਕ ਨਾਲ ਕਣਕ ਦੀ ਬਿਜਾਈ ਕੀਤੀ ਹੈ। ਸਰਫੇਸ ਸੀਡਰ ਤਕਨੀਕ ਕਰਦਿਆਂ ਖੇਤ ਵਿੱਚ 45 ਕਿਲੋ ਬੀਜ ਨੂੰ ਖੇਤੀਬਾੜੀ ਮਹਿਕਮੇ ਦੀ ਸਿਫਾਰਸ਼ ਅਨੁਸਾਰ ਸੋਧ ਕੇ ਛੱਟਾ ਦੇ ਦਿੱਤਾ ਅਤੇ ਉਸ ਉਪਰੰਤ ਪਰਾਲੀ ਨੂੰ ਇੱਕਸਾਰ ਖਿਲਾਰ ਦਿੱਤਾ ਸੀ। ਇਸ ਤਰ੍ਹਾਂ ਬਿਜਾਈ ਬਹੁਤ ਹੀ ਘੱਟ ਖਰਚ ਵਿੱਚ ਸਿਫਾਰਸ਼ ਸਮੇਂ ਤੇ ਹੋ ਗਈ ਹੈ। ਪਰਾਲੀ ਇੱਕਸਾਰ ਖੇਤ ਵਿੱਚ ਵਿਛਨ ਨਾਲ ਨਦੀਨਾਂ ਦੇ ਉੱਗਣ ਦਾ ਸ਼ੰਕਾ ਘੱਟ ਹੈ ਜਦਕਿ ਬੀਜ ਦੀ ਜਰਮੀਨੇਸ਼ਨ ਵਧੀਆ ਹੋਈ ਹੈ। ਇਸ ਦੌਰਾਨ ਉਨਾਂ ਦੱਸਿਆ ਕਿ ਇਸ ਵਾਰ ਡਾ ਦਲੇਰ ਸਿੰਘ ਤਕਨੀਕ ਨਾਲ 2 ਏਕੜ ਸੁੱਕਾ ਕੱਦੂ ਕਰਕੇ ਝੋਨੇ ਦੀ ਲਵਾਈ ਵੀ ਕੀਤੀ ਸੀ ਜਿਸ ਨਾਲ ਪ੍ਰਤੀ ਏਕੜ ਇੱਕ ਹਜਾਰ ਰੁਪਏ ਦਾ ਖਰਚਾ ਰਵਾਇਤੀ ਤਕਨੀਕ ਨਾਲੋਂ ਘੱਟ ਹੋਇਆ ਹੈ ਅਤੇ ਫਸਲ ਦਾ ਝਾੜ ਵਧੀਆ ਦਰਜ ਕੀਤਾ ਗਿਆ ਹੈ।ਇਸ ਮੌਕੇ ਰਜਿੰਦਰ ਕੁਮਾਰ ਏਈਓ, ਨਿਸ਼ਾਨ ਸਿੰਘ ਖੇਤੀ ਉਪ ਨਿਰੀਖਕ,ਦਿਲਬਾਗ ਸਿੰਘ ਅਤੇ ਗੁਰਲਾਲ ਸਿੰਘ ਫੀਲਡ ਵਰਕਰ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ