Close

Necessary arrangements are being made by the district administration to prevent possible floods keeping in view the rainy season-Deputy Commissioner

Publish Date : 25/04/2022
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਬਰਸਾਤ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਸੰਭਾਵੀ ਹੜਾਂ ਤੋਂ ਬਚਾਅ ਲਈ ਜਿਲਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਹਨ ਲੋੜੀਂਦੇ ਪ੍ਰਬੰਧ-ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵੱਲੋਂ ਦਰਿਆ ਬਿਆਸ ਨਾਲ ਲੱਗਦੇ ਪਿੰਡਾਂ ਵੈਰੋਵਾਲ, ਗੋਇੰਦਵਾਲ ਸਾਹਿਬ, ਮੁੰਡਾ ਪਿੰਡ ਅਤੇ ਘੜਕਾ ਦਾ ਦੌਰਾ
ਤਰਨ ਤਾਰਨ, 22 ਅਪ੍ਰੈਲ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਨੇ ਆਗਾਮੀੇ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਦਰਿਆ ਬਿਆਸ ਨਾਲ ਲੱਗਦੇ ਪਿੰਡਾਂ ਵੈਰੋਵਾਲ, ਗੋਇੰਦਵਾਲ ਸਾਹਿਬ, ਮੁੰਡਾ ਪਿੰਡ ਅਤੇ ਖੜਕਾ ਦਾ ਦੌਰਾ ਕੀਤਾ। ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਐਕਸੀਅਨ ਡਰੇਨੇਜ਼ ਸ੍ਰੀ ਚਰਨਜੀਤ ਸਿੰਘ, ਐਕਸੀਅਨ ਪੀ. ਡਬਲਯੂ. ਡੀ. ਸ੍ਰੀ ਸੁਰਿੰਦਰ ਸਿੰਘ, ਐੱਸ. ਡੀ. ਓ. ਮਨਪ੍ਰੀਤ ਸਿੰਘ ਅਤੇ ਜੇ. ਈ. ਵਿਕਾਸ ਸਿੰਗਲਾ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਉਹਨਾਂ ਦੇ ਨਾਲ ਸਨ।ਇਸ ਮੌਕੇ ਉਹਨਾਂ ਨੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆਂ ਅਤੇ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਸੰਭਾਵੀ ਹੜਾਂ ਤੋਂ ਬਚਾਅ ਲਈ ਜਿਲਾ ਪ੍ਰਸ਼ਾਸਨ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਬਰਸਾਤ ਤੋਂ ਪਹਿਲਾਂ-ਪਹਿਲਾਂ ਜਿੱਥੇ ਦਰਿਆ ਜ਼ਿਆਦਾ ਕੰਢੇ ਵੱਲ ਵੱਧ ਰਿਹਾ ਹੈ, ੳੱੁਥੇ ਡਰੇਨਜ਼ ਵਿਭਾਗ ਵੱਲੋਂ ਲੋੜੀਂਦੇ ਕੰਮ ਕਰਵਾਏ ਜਾਣਗੇ, ਤਾਂ ਜੋ ਜ਼ਿਆਦਾ ਮੀਂਹ ਆਉਣ ਨਾਲ ਕੰਢੇ ਨੂੰ ਖੋਰਾ ਲੱਗਣ ਤੋਂ ਬਚਾਇਆ ਜਾ ਸਕੇ।ਇਸ ਤੋਂ ਇਲਾਵਾ ਉਹਨਾਂ ਸਬੰਧਿਤ ਵਿਭਾਗਾਂ ਨੂੰ ਡਰੇਨਾਂ ਅਤੇ ਬਰਸਾਤੀ ਨਾਲਿਆਂ ਦੀ ਸਫ਼ਾਈ ਦੇ ਵੀ ਆਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਵੈਰੋਵਾਲ ਵਿਖੇ ਜ਼ਮੀਨ ਅਤੇ ਬੰਨ੍ਹ ਨੂੰ ਢਾਹ ਲੱਗਣ ਤੋਂ ਰੋਕਣ ਲਈ 1 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਹੜ੍ਹ ਰੋਕੂ ਕੰਮ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਮੁੰਡਾ ਪਿੰਡ ਵਿਖੇ ਵੀ ਖੇਤੀਬਾੜੀ ਜ਼ਮੀਨ ਨੂੰ ਢਾਹ ਲੱਗਣ ਤੋਂ ਰੋਕਣ ਲਈ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਰਿਬਰਟਮੈਂਟ/ਟੀ ਸਟੱਡ ਲਗਾਉਣ ਦੇ ਕੰਮ ਕਰਵਾਏ ਜਾਣਗੇ।ਉਹਨਾਂ ਦੱਸਿਆ ਕਿ ਗੋਇੰਦਵਾਲ ਸਾਹਿਬ ਵਿਖੇ ਬੰਨ੍ਹ ਨੂੰ ਢਾਹ ਲੱਗਣ ਤੋਂ ਰੋਕਣ ਲਈ 30 ਲੱਖ ਰੁਪਏ ਦੇ ਹੜ੍ਹ ਰੋਕੂ ਕੰਮ ਕਰਵਾਉਣ ਲਈ ਸਰਕਾਰ ਨੂੰ ਪ੍ਰਪੋਜ਼ਲ ਭੇਜਿਆ ਗਿਆ ਹੈ।
ਆਪਣੇ ਅੱਜ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਦਰਿਆ ਵੱਲੋਂ ਕੰਢੇ ਨੂੰ ਲਗਾਈ ਜਾ ਰਹੀ ਢਾਹ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੀਂਹ ਤੋਂ ਪਹਿਲਾਂ-ਪਹਿਲਾਂ ਇਸ ਦਾ ਸਥਾਈ ਹੱਲ ਕਰਨ ਦੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ।
ਇਸ ਮੌਕੇ ਉਹਨਾਂ ਦਰਿਆ ਦੇ ਨਾਲ ਲੱਗਦੀ ਪਟੜੀ ਅਤੇ ਦਰਿਆ ਨੂੰ ਆਉਂਦੇ ਰਾਹਾਂ ਦੀ ਸਾਫ-ਸਫਾਈ ਕਰਨ ਦੇ ਹੁਕਮ ਵੀ ਦਿੱਤੇ, ਤਾਂ ਜੋ ਹੰਗਾਮੀ ਹਾਲਤ ਵਿਚ ਮਸ਼ੀਨਰੀ ਆਦਿ ਨੂੰ ਦਰਿਆ ਤੱਕ ਲਿਆਉਣ ਵਿਚ ਕੋਈ ਦਿੱਕਤ ਨਾ ਆਵੇ।ਇਸ ਮੌਕੇ ਉਹਨਾਂ ਐਕਸੀਅਨ ਡਰਨੇਜ਼ ਨੂੰ ਹਦਾਇਤ ਕੀਤੀ ਕਿ ਉਹ ਧੁੱਸੀ ਬੰਨ ਅਤੇ ਦਰਿਆ ਬਿਆਸ ਨਾਲ ਲੱਗਦੇ ਨਾਜ਼ੁਕ ਸਥਾਨਾਂ ‘ਤੇ ਹੜ ਰੋਕੂ ਕੰਮਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਅਤੇ ਡਰੇਨਾਂ ਦੀ ਸਫਾਈ ਨੂੰ ਵੀ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਉਨਾਂ ਕਿਹਾ ਕਿ ਮੰਡ ਖੇਤਰ ਦੇ ਸਾਰੇ ਪਿੰਡਾਂ ਦੇ ਪਤਵੰਤੇ ਸੱਜਣਾਂ ਅਤੇ ਪੰਚਾਂ-ਸਰਪੰਚਾਂ ਦੇ ਸੰਪਰਕ ਨੰਬਰਾਂ ਦੀ ਸੂਚੀ ਕਿਸੇ ਵੀ ਤਰਾਂ ਦੀ ਸਹਾਇਤਾ ਦੇਣ ਜਾਂ ਸੂਚਨਾ ਦਾ ਅਦਾਨ-ਪ੍ਰਦਾਨ ਕਰਨ ਲਈ ਤਿਆਰ ਕੀਤੀ ਜਾਵੇ।ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਅਤੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ