Need to bring some area under low water consuming crops: Dr. Bhupinder Singh AO

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਵਿਸ਼ਵ ਪਾਣੀ ਸੰਭਾਲ ਦਿਵਸ ਮਨਾਇਆ
ਘੱਟ ਪਾਣੀ ਲੈਣ ਵਾਲੀਆਂ ਫਸਲਾਂ ਹੇਠ ਕੁਝ ਰਕਬਾ ਲਿਆਉਣ ਦੀ ਲੋੜ : ਡਾ ਭੁਪਿੰਦਰ ਸਿੰਘ ਏ ਓ
ਤਰਨ ਤਾਰਨ, 22 ਮਾਰਚ:
ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ ਹਰਪਾਲ ਸਿੰਘ ਪੰਨੂ ਦੇ ਦਿਸ਼ਾ-ਨਿਰਦੇਸ਼ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਪੱਟੀ ਨੇ ਡਾ ਭੁਪਿੰਦਰ ਸਿੰਘ ਏ ਓ ਦੀ ਅਗਵਾਈ ਵਿੱਚ ਸਰਕਲ ਇੰਚਾਰਜ ਰਜਿੰਦਰ ਕੁਮਾਰ ਏ ਈ ਓ , ਡਾ ਜਸਵਿੰਦਰ ਸਿੰਘ ਭਾਟੀਆ ਸਿਖਲਾਈ ਅਫਸਰ ,ਖਾਲਸਾ ਕਾਲਜ ਸਿਖਲਾਈ ਕੇਂਦਰ ,ਅੰਮ੍ਰਿਤਸਰ, ਮਨਮੋਹਨ ਸਿੰਘ ਏ ਈ ਓ , ਬਲਰਾਜ ਬਾਜਾ ਸਿੰਘ ਅਤੇ ਰਣਜੀਤ ਸਿੰਘ ਖੇਤੀ ਉਪ-ਨਿਰੀਖਕ ਅਧਾਰਿਤ ਟੀਮ ਨੇ ਤਲਵੰਡੀ ਮੁਸਤੱਦਾ ਸਿੰਘ ਵਿਖੇ ਵਿਸ਼ਵ ਪਾਣੀ ਸੰਭਾਲ ਦਿਵਸ ਮਨਾਇਆ।
ਇਸ ਮੌਕੇ ਮਾਹਿਰਾਂ ਨੇ ਹਾਜਰੀਨ ਨੂੰ ਕੁਦਰਤ ਦੀ ਅਨਮੋਲ ਦਾਤ ਪਾਣੀ ਦੀ ਮਹੱਤਤਾ ਅਤੇ ਇਸ ਦੀ ਸੁਚੱਜੀ ਵਰਤੋ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜਿੱਥੇ ਅਸੀਂ ਹੋਰ ਦਿਹਾੜੇ ਮਨਾਉਂਦੇ ਹਾਂ ਉੱਥੇ ਸਾਨੂੰ ਕੁਦਰਤ ਦੇ ਅਨਮੋਲ ਸੋਮੇ ਮਿੱਟੀ, ਪਾਣੀ, ਹਵਾ ਅਤੇ ਜੈਵਿਕ ਵੰਨ-ਸੁਵੰਨਤਾ ਦੇ ਦਿਨਾਂ ਨੂੰ ਵੀ ਮਨਾਉਣਾ ਚਾਹੀਦਾ ਹੈ। ਇਸ ਨਾਲ ਸਾਨੂੰ ਇਹਨਾਂ ਦੀ ਸਾਡੇ ਜੀਵਨ ਵਿੱਚ ਮਹੱਤਤਾ ਬਾਰੇ ਪਤਾ ਲੱਗਦਾ ਹੈ ਅਤੇ ਸਮੇਂ ਦੇ ਨਾਲ ਦਰਪੇਸ਼ ਸਮੱਸਿਆਵਾਂ ਦਾ ਹੱਲ ਕੱਢਣ ਦਾ ਮੌਕਾ ਮਿਲਦਾ ਹੈ। ਉਨਾਂ ਕਿਹਾ ਕਿ ਇਕਹਿਰੇ ਕਣਕ ਝੋਨੇ ਦੇ ਫਸਲੀ ਚੱਕਰ ਨਾਲ ਜਿੱਥੇ ਪਾਣੀ ਦਾ ਪੱਧਰ ਹਰ ਸਾਲ ਘਟ ਰਿਹਾ ਹੈ, ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਵੀ ਬੁਰਾ ਅਸਰ ਪੈ ਰਿਹਾ ਹੈ। ਇਸ ਲਈ ਸਾਨੂੰ ਨਾ ਸਿਰਫ ਘਰੇਲੂ ਕੰਮਾਂ ਦੌਰਾਨ ਪਾਣੀ ਦੀ ਬੱਚਤ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਸਗੋਂ ਖੇਤੀ ਦੀਆਂ ਅਜਿਹੀਆਂ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ, ਜਿਸ ਨਾਲ ਘੱਟ ਤੋਂ ਘੱਟ ਪਾਣੀ ਦੀ ਖ਼ਪਤ ਹੋਵੇ। ਨਾਲ ਹੀ ਨਾਲ ਸਾਨੂੰ ਕੁਝ ਰਕਬਾ ਅਜਿਹੀਆਂ ਫਸਲਾਂ ਜਿਵੇਂ ਦਾਲਾਂ , ਤੇਲ ਬੀਜ ਫਸਲਾਂ, ਮੋਟੇ ਅਨਾਜ
ਸਾਉਣੀ ਦੀ ਮੱਕੀ ਆਦਿ ਹੇਠ ਰਕਬਾ ਲਿਆਉਣਾ ਚਾਹੀਦਾ ਹੈ। ਇਸ ਨਾਲ ਪਾਣੀ ਦੀ ਖਪਤ ਘਟੇਗੀ; ਜਮੀਨ ਦੀ ਉਪਜਾਊ ਸ਼ਕਤੀ ਵਧੇਗੀ ਉੱਥੇ ਜੈਵਿਕ ਵੰਨ ਸੁਵੰਨਤਾ ਵਿੱਚ ਵਾਧਾ ਹੋਣ ਨਾਲ ਫਸਲਾਂ ਦਾ ਝਾੜ ਵੀ ਵਧੇਗਾ। ਫਸਲੀ ਵਿਭਿੰਨਤਾ ਅਪਨਾਉਣ ਨਾਲ ਜਿੱਥੇ ਦੂਜੇ ਮਿੱਤਰ ਜੀਵਾਂ ਦਾ ਵਾਧਾ ਹੋਵੇਗਾ, ਉੱਥੇ ਸਹਾਇਕ ਧੰਦੇ ਵਜੋਂ ਅਪਣਾਏ ਜਾਂਦੇ ਸ਼ਹਿਦ ਮੱਖੀ ਪਾਲਣ ਆਦਿ ਤੋਂ ਵਾਧੂ ਆਮਦਨ ਵੀ ਮਿਲੇਗੀ। ਇਸ ਮੌਕੇ ਮਾਹਿਰਾਂ ਨੇ ਜਾਣਕਾਰੀ ਦਿੱਤੀ ਕਿ ਜਿੱਥੇ ਦਾਲਾਂ ਪ੍ਰੋਟੀਨ ਦਾ ਵਧੀਆ ਸਰੋਤ ਹਨ, ਉੱਥੇ ਇਹ ਘੱਟ ਪਾਣੀ ਲੈ ਕੇ ਜਮੀਨ ਵਿੱਚ ਅਸਮਾਨੀ ਨਾਈਟ੍ਰੋਜਨ ਨੂੰ ਸਥਿਰੀ-ਕਰਨ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਕਰਦੀਆਂ ਹਨ। ਜਿਸ ਨਾਲ ਇਸ ਉਪਰੰਤ ਬੀਜੀ ਜਾਣ ਵਾਲੀ ਫਸਲ ਤੇ ਖਾਦ ਦੀ ਖਪਤ ਘੱਟ ਜਾਂਦੀ ਹੈ। ਇਸ ਮੌਕੇ ਕਿਸਾਨਾਂ ਨੂੰ ਵਰਮੀ ਕੰਪੋਸਟ, ਸ਼ਹਿਦ ਮੱਖੀ ਪਾਲਣ ਅਤੇ ਖੁੰਬਾਂ ਦੀ ਮਹੱਤਤਾ ਦੱਸਦਿਆਂ ਕਿਹਾ ਗਿਆ, ਕਿ ਉਹ ਸਿਖਲਾਈ ਲਈ ਖਾਲਸਾ ਕਾਲਜ ਕੇਂਦਰ ਅੰਮ੍ਰਿਤਸਰ ਜਾਂ ਨੇੜੇ ਦੇ ਕੇਵੀਕੇ ਕੇਂਦਰ ਨਾਲ ਸੰਪਰਕ ਕਰਨ।
ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਣਕ ਦੀ ਵਾਢੀ ਉਪਰੰਤ ਖੇਤ ਖਾਲੀ ਹੋਣ ਤੇ ਮਿੱਟੀ ਪਰਖ ਕਰਾ ਲਈ ਜਾਵੇ ਅਤੇ ਮਿਲਣ ਵਾਲੀ ਰਿਪੋਰਟ ਦੇ ਆਧਾਰ ਤੇ ਹੀ ਖਾਦਾਂ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਕਿਸਾਨਾਂ ਨੂੰ ਮਹਿਕਮੇ ਦੁਆਰਾ ਸਬਸਿਡੀ ਤੇ ਦਿੱਤੀ ਜਾ ਰਹੀ ਜਿਪਸਮ ਅਤੇ ਪੀਐਮ ਕਿਸਾਨ ਨਿਧੀ ਯੋਜਨਾ ਤਹਿਤ ਆ ਰਹੀ ਮੁਸ਼ਕਿਲ ਲਈ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਗਿਆ। ਇਸ ਮੌਕੇ ਫੀਲਡ ਵਰਕਰ ਦਿਲਬਾਗ ਸਿੰਘ, ਸਰਪੰਚ ਤਰਸੇਮ ਸਿੰਘ, ਸਰਪੰਚ ਰਸ਼ਪਾਲ ਸਿੰਘ, ਨੰਬਰਦਾਰ ਮਨਜੀਤ ਸਿੰਘ, ਹਰਪਾਲ ਸਿੰਘ ,ਪਰਮਜੀਤ ਸਿੰਘ, ਨੰਬਰਦਾਰ ਸੰਤੋਖ ਸਿੰਘ, ਕੇਵਲ ਸਿੰਘ, ਜਸਵੀਰ ਸਿੰਘ, ਗੁਰਇਕਬਾਲ ਸਿੰਘ, ਨਵਦੀਪ ਸਿੰਘ, ਸਤਨਾਮ ਸਿੰਘ, ਬਲਜੀਤ ਸਿੰਘ ਤਲਵੰਡੀ, ਗੁਰਦੇਵ ਸਿੰਘ, ਤਰਸੇਮ ਸਿੰਘ ਘਰਿਆਲਾ, ਜਗਤ ਸਿੰਘ ਅਤੇ ਇਲਾਕੇ ਦੇ ਕਿਸਾਨਾਂ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ।