Need to make efforts to protect the environment: Dr. Bhupinder Singh AO

ਵਿਸ਼ਵ ਵਾਤਾਵਰਨ ਦਿਵਸ ਮਨਾਇਆ
ਵਾਤਾਵਰਨ ਦੀ ਹਿਫਾਜ਼ਤ ਲਈ ਯਤਨ ਕਰਨ ਦੀ ਲੋੜ: ਡਾ ਭੁਪਿੰਦਰ ਸਿੰਘ ਏ ਓ
ਤਰਨ ਤਾਰਨ, 05 ਜੂਨ
ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਵਿਸ਼ਵ ਪੱਧਰ ਤੇ ਮਨਾਏ ਜਾ ਰਹੇ ਵਾਤਾਵਰਨ ਦਿਵਸ ਸਬੰਧੀ ਜਾਗਰੂਕ ਕਰਨਾ ਹਿੱਤ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ ਭੁਪਿੰਦਰ ਸਿੰਘ, ਸਰਕਲ ਅਧਿਕਾਰੀ ਦਇਆਪ੍ਰੀਤ ਸਿੰਘ ਏ ਈ ਓ, ਜਿਲ੍ਹਾ ਪ੍ਰਸਾਰ ਮਾਹਿਰ ਤਰਨ ਤਰਨ ਡਾ ਪਰਮਿੰਦਰ ਸਿੰਘ ਸੰਧੂ ਅਤੇ ਗੁਰਪ੍ਰੀਤ ਸਿੰਘ ਬੀ ਟੀ ਐਮ ਅਧਾਰਿਤ ਟੀਮ ਨੇ ਪਿੰਡ ਬੂਹ ਵਿਖੇ ਝੋਨੇ ਦੀ ਸਿੱਧੀ ਬਿਜਾਈ ਖੇਤ ਨਿਰੀਖਣ ਕੀਤਾ।
ਇਸ ਮੌਕੇ ਮਾਹਿਰਾਂ ਨੇ ਕਿਹਾ ਕਿ ਵਾਤਾਵਰਨ ਤੋਂ ਭਾਵ ਸਾਡੇ ਆਲੇ-ਦੁਆਲੇ ਦੇ ਹਾਲਾਤ ਅਤੇ ਪਰਿਸਥਿਤੀਆਂ ਹਨ ਜਿਹੜੇ ਮਨੁੱਖ, ਜਾਨਵਰ ਅਤੇ ਪੌਦਿਆਂ ਦੇ ਵਾਧੇ, ਉਹਨਾਂ ਦੇ ਰਹਿਣ ਸਹਿਣ ਅਤੇ ਕੰਮ ਕਰਨ ਦੀਆਂ ਹਾਲਤਾਂ ਨੂੰ ਪ੍ਰਭਾਵਿਤ ਕਰਦੇ ਹਨ। ਵਾਤਾਵਰਨ ਸਾਨੂੰ ਜਿੰਦਗੀ ਦੇਣ ਵਾਲਾ ਇੱਕ ਮੁੱਢਲਾ ਆਧਾਰ ਹੈ। ਇਹ ਸਾਨੂੰ ਸਾਹ ਲੈਣ ਲਈ ਹਵਾ, ਪੀਣ ਲਈ ਪਾਣੀ, ਖਾਣ ਲਈ ਅੰਨ ਅਤੇ ਰਹਿਣ ਲਈ ਧਰਤੀ ਮਾਂ ਦੇ ਰੂਪ ਵਿੱਚ ਗੋਦ ਦਿੰਦਾ ਹੈ। ਵਾਤਾਵਰਨ ਦੀ ਹਿਫਾਜ਼ਤ ਲਈ ਸਾਨੂੰ ਰੋਜ਼ਾਨਾ ਦੇ ਘਰੇਲੂ ਕੰਮਾਂ ਅਤੇ ਖੇਤੀ ਗਤੀਵਿਧੀਆਂ ਦੌਰਾਨ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।
ਜਿਸ ਨਾਲ ਸਾਡਾ ਵਾਤਾਵਰਨ ਸਭ ਜੀਵ ਜੰਤੂਆਂ ਲਈ ਰਹਿਣਯੋਗ ਬਣਿਆ ਰਹੇ। ਉਹਨਾਂ ਜਾਣਕਾਰੀ ਦਿੱਤੀ ਕਿ ਵਿਸ਼ਵ ਵਾਤਾਵਰਣ 2025 ਦਾ ਉਦੇਸ਼ ਧਰਤੀ ਨੂੰ ਪਲਾਸਟਿਕ ਪ੍ਰਦੂਸ਼ਣ ਤੋਂ ਮੁਕਤ ਕਰਨਾ ਹੈ। ਜਿਸ ਤਹਿਤ ਵਾਤਾਵਰਨ ਪ੍ਰੇਮੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਅਜਿਹੇ ਉਪਰਾਲੇ ਕਰਨ ਤਾਂ ਜੋ ਪਲਾਸਟਿਕ ਪ੍ਰਦੂਸ਼ਣ ਕਾਰਨ ਧਰਤੀ ਮਾਂ ਦੀ ਵਿਗੜ ਚੁੱਕੀ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕੇ। ਨਾਲ ਹੀ ਨਾਲ ਅਜਿਹੇ ਉਪਰਾਲੇ ਕੀਤੇ ਜਾਣ ਜਿਸ ਨਾਲ ਸਾਡੇ ਪੀਣ ਯੋਗ ਪਾਣੀ ਦੀ ਸੁਚੱਜੀ ਵਰਤੋ ਹੋ ਸਕੇ। ਜਿੱਥੋਂ ਤੱਕ ਸੰਭਵ ਹੋਵੇ, ਘਰਾਂ ਵਿੱਚ ਆਰ ਓ ਪਾਣੀ ਦੀ ਥਾਂ ਘੜੇ ਦੀ ਵਰਤੋਂ, ਖੇਤਾਂ ਵਿੱਚ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਵੇ, ਪਿੰਡ ਪੱਧਰ ਤੇ ਛੱਪੜ , ਤਲਾਬਾਂ ਦੀ ਸਾਫ ਸਫਾਈ ਕੀਤੀ ਜਾਵੇ ,ਵੱਧ ਤੋਂ ਵੱਧ ਰੁੱਖ ਲਗਾਏ ਜਾਣ ਅਤੇ ਕਣਕ ਝੋਨੇ ਥੱਲਿਓ ਕੁੱਝ ਰਕਬਾ ਘਟਾ ਕੇ ਫਸਲੀ ਵਿਭਿੰਨਤਾ ਤਹਿਤ ਦਾਲਾਂ, ਮੋਟੇ ਅਨਾਜ਼ ,ਸਾਉਣੀ ਦੀ ਮੱਕੀ ਆਦਿ ਹੇਠ ਲਿਆਂਦੇ ਜਾਣ। ਸਮੇਂ ਦੀ ਲੋੜ ਹੈ, ਕਿ ਪ੍ਰਚੱਲਤ ਕੱਦੂ ਤਕਨੀਕ ਨਾਲ ਝੋਨੇ ਦੀ ਲਵਾਈ ਥੱਲੋਂ ਕੁਝ ਰਕਬਾ ਘਟਾ ਕੇ ਝੋਨੇ ਦੀ ਸਿੱਧੀ ਬਿਜਾਈ, ਵੱਟਾਂ ਤੇ ਲਵਾਈ ਆਦਿ ਪਾਣੀ ਰਿਚਾਰਜ ਤਕਨੀਕਾਂ ਨੂੰ ਅਪਣਾਇਆ ਜਾਵੇ।
ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤ ਵਿੱਚ ਹੀ ਰੱਖਣ ਲਈ ਉਪਰਾਲੇ ਕੀਤੇ ਜਾਣ ਤਾਂ ਜੋ ਧਰਤੀ ਦਾ ਤਾਪਮਾਨ ਨਿਯੰਤਰਨ ਵਿੱਚ ਰਹੇ ਅਤੇ ਰਸਾਇਣਕ ਖਾਦਾਂ ਦੀ ਘੱਟ ਤੋਂ ਘੱਟ ਵਰਤੋਂ ਹੋਵੇ। ਇਸ ਮੌਕੇ ਗੁਰ ਸਿਮਰਨ ਸਿੰਘ ਖੇਤੀ ਉਪ ਨਿਰੀਖਕ, ਹਰਸਿਮਰਨ ਸਿੰਘ ਮੱਤਾ, ਰਾਜਬੀਰ ਸਿੰਘ ਮੱਤਾ, ਹਰਜਿੰਦਰ ਸਿੰਘ, ਨਰਿੰਦਰ ਸਿੰਘ, ਮੰਗਲ ਸਿੰਘ, ਭੁਪਿੰਦਰ ਸਿੰਘ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ਸਿੱਧੀ ਬਿਜਾਈ ਅਤੇ ਪਰਾਲੀ ਪ੍ਰਬੰਧਨ ਕਰ ਰਹੇ ਉੱਦਮੀ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੰਕੇਤਕ ਤੌਰ ਤੇ ਟਾਹਲੀ ਦਾ ਪੌਦਾ ਲਗਾਇਆ ਗਿਆ।