Close

Nominations for Municipal Council Patti and Nagar Panchayat Bhikhiwind elections completed peacefully – District Electoral Officer

Publish Date : 04/02/2021
DC
ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਲੈਣ ਦਾ ਕੰਮ ਅਮਨ-ਅਮਾਨ ਤਰੀਕੇ ਨਾਲ ਮੁਕੰਮਲ-ਜ਼ਿਲ੍ਹਾ ਚੋਣ ਅਫ਼ਸਰ
ਚੋਣ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਵਕ ਮੁਕੰਮਲ ਕਰਨਾ ਬਣਾਇਆ ਜਾਵੇਗਾ ਯਕੀਨੀ-ਚੋਣ ਅਬਜ਼ਰਬਰ
ਸ਼ਾਤੀਪੂਰਵਕ ਚੋਣਾਂ ਮੁਕੰਮਲ ਕਰਵਾਉਣ ਲਈ ਸੁਰੱਖਿਆ ਦੇ ਕੀਤੇ ਗਏ ਸਖਤ ਪ੍ਰਬੰਧ-ਐੱਸ. ਐੱਸ. ਪੀ. 
ਤਰਨ ਤਾਰਨ, 03 ਫਰਵਰੀ :
ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਲੈਣ ਦਾ ਕੰਮ ਅੱਜ ਅਮਨ-ਅਮਾਨ ਤਰੀਕੇ ਨਾਲ ਮੁਕੰਮਲ ਹੋ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੋਣ ਪ੍ਰਕਿਰਿਆ ਨੂੰ ਅਮਨ-ਅਮਾਨ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇਗਾ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਚਿਤ ਪ੍ਰਬੰਧ ਕੀਤੇ ਗਏ ਹਨ। 
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ  ਨਗਰ ਕੌਂਸਲ ਪੱਟੀ ਦੇ 19 ਵਾਰਡਾਂ ਦੀ ਚੋਣ ਲਈ ਕੁੱਲ 111 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ, ਜਿੰਨ੍ਹਾਂ ਵਿੱਚ 38 ਨਾਮਜ਼ਦਗੀ ਪੱਤਰ ਸ਼੍ਰੋਮਣੀ ਅਕਾਲੀ ਦਲ, 38 ਨਾਮਜ਼ਦਗੀ ਪੱਤਰ ਇੰਡੀਅਨ ਨੈਸ਼ਨਲ ਕਾਂਗਰਸ, 22 ਨਾਮਜ਼ਦਗੀ ਪੱਤਰ ਆਮ ਆਦਮੀ ਪਾਰਟੀ, 07 ਨਾਮਜ਼ਦਗੀ ਪੱਤਰ ਭਾਰਤੀ ਜਨਤਾ ਪਾਰਟੀ, 03 ਨਾਮਜ਼ਦਗੀ ਪੱਤਰ ਬਹੁਜਨ ਸਮਾਜ ਪਾਰਟੀ ਅਤੇ 03 ਨਾਮਜ਼ਦਗੀ ਪੱਤਰ ਆਜ਼ਾਦ ਉਮੀਦਵਾਰਾਂ ਵੱਲੋਂ ਦਾਖਲ ਕੀਤੇ ਗਏ ਹਨ।ਇਸ ਤੋਂ ਇਲਾਵਾ ਨਗਰ ਪੰਚਾਇਤ ਭਿੱਖੀਵਿੰਡ ਦੇ 13 ਵਾਰਡਾਂ ਦੀ ਚੋਣ ਲਈ ਕੁੱਲ 66 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ, ਜਿੰਨ੍ਹਾਂ ਵਿੱਚ 26 ਨਾਮਜ਼ਦਗੀ ਪੱਤਰ ਇੰਡੀਅਨ ਨੈਸ਼ਨਲ ਕਾਂਗਰਸ, 20 ਨਾਮਜ਼ਦਗੀ ਪੱਤਰ ਸ਼੍ਰੋਮਣੀ ਅਕਾਲੀ ਦਲ, 13 ਨਾਮਜ਼ਦਗੀ ਪੱਤਰ ਆਮ ਆਦਮੀ ਪਾਰਟੀ, 06 ਨਾਮਜ਼ਦਗੀ ਪੱਤਰ ਬਹੁਜਨ ਸਮਾਜ ਪਾਰਟੀ ਅਤੇ 01 ਨਾਮਜ਼ਦਗੀ ਪੱਤਰ ਆਜ਼ਾਦ ਉਮੀਦਵਾਰ ਵੱਲੋਂ ਦਾਖਿਲ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ 04 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 05 ਫਰਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।ਇਹਨਾਂ ਚੋਣਾਂ ਲਈ ਵੋਟਾਂ 14 ਫਰਵਰੀ, 2021 ਨੂੰ ਸਵੇਰੇ 08 ਵਜੇ ਤੋਂ ਸ਼ਾਮ 04 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 17 ਫਰਵਰੀ, 2021 ਨੂੰ ਕੀਤੀ ਜਾਵੇਗੀ।
ਚੋਣ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਮੁਕੰਮਲ ਕਰਵਾਉਣ ਲਈ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਲਈ ਨਿਯੁਕਤ ਕੀਤੇ ਗਏ ਚੋਣ ਅਬਜ਼ਰਵਰ ਸ੍ਰੀ ਵਿਨੈ ਬੁਬਲਾਨੀ (ਆਈ. ਏ. ਐਸ.)  ਪ੍ਰਬੰਧਕੀ ਨਿਰਦੇਸ਼ਕ, ਹਾਊਸਫੈਡ ਵਲੋਂ ਆਪਣੇ ਦੋ ਦਿਨਾਂ ਦੌਰੇ ਦੌਰਾਨ ਉੱਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਵਿਸ਼ੇਸ ਮੀਟਿੰਗ ਕੀਤੀ ਗਈ ਅਤੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਹਨਾਂ ਕਿਹਾ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੀ ਚੋਣ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਵਕ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇਗਾ।
ਐੱਸ. ਐੱਸ. ਪੀ. ਤਰਨ ਤਾਰਨ ਸ੍ਰੀ ਧਰੁਮਨ ਐੱਚ. ਨਿੰਬਾਲੇ ਨੇ ਕਿਹਾ ਕਿ ਇਹਨਾਂ ਚੋਣਾਂ ਨੂੰ ਅਮਨ-ਅਮਾਨ ਅਤੇ ਸ਼ਾਤੀਪੂਰਵਕ ਮੁਕੰਮਲ ਕਰਵਾਉਣ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।ਉਹਨਾਂ ਕਿਹਾ ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਲਈ ਬਣਾਏ ਗਏ ਕੁੱਲ 49 ਬੂਥਾਂ ਵਿਚੋਂ 40 ਅਤਿ-ਸੰਵੇਦਨਸ਼ੀਲ ਅਤੇ 09 ਸੰਵੇਦਨਸ਼ੀਲ ਹਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਾਂਤਮਈ ਚੋਣਾਂ ਲਈ ਮੁਕੰਮਲ ਤਿਆਰੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸ਼ਹਿਰਾਂ ਦੀਆਂ ਮਹੱਤਵਪੂਰਨ ਥਾਵਾਂ ‘ਤੇ ਪੁਲਿਸ ਵੱਲੋਂ 24 ਘੰਟੇ ਨਾਕੇ ਲਗਾਏ ਗਏ ਹਨ। ਇਸ ਤੋਂ ਇਲਾਵਾ ਸ਼ਾਂਤੀ ਵਿਵਸਥਾ ਬਣਾਏ ਰੱਖਣ ਲਈ ਪੈਟਰੋਲਿੰਗ ਪਾਰਟੀਆਂ ਵੀ ਲਾਈਆਂ ਗਈਆਂ ਹਨ।