Close

On the occasion of World Environment Day, Deputy Commissioner launched a special campaign to make the district green.

Publish Date : 06/06/2025

ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਵਿਸ਼ੇਸ਼ ਮੁਹਿੰਮ ਦੀ ਕੀਤੀ ਸ਼ੁਰੂਆਤ
ਤਰਨ ਤਾਰਨ, 05 ਜੂਨ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈ. ਏ .ਐੱਸ. ਵਲੋਂ ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ‘ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਪੌਦਾ ਲਗਾਕੇ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਜਦੀਪ ਸਿੰਘ ਬਰਾੜ, ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਅਰਵਿੰਦਰਪਾਲ ਸਿੰਘ ਅਤੇ ਐੱਸ. ਡੀ. ਐੱਮ. ਪੱਟੀ ਡਾ. ਕਰਨਵੀਰ ਸਿੰਘ ਵੱਲੋਂ ਵੀ ਪੌਦੇ ਲਗਾਏ ਗਏ।
ਇਸ ਮੌਕੇ ਵਿਸ਼ਵ ਵਾਤਾਵਰਣ ਦਿਵਸ ਦੀ ਮਹੱਤਤਾ ਬਾਰੇ ਬੋਲਦਿਆਂ ਸ੍ਰੀ ਰਾਹੁਲ ਨੇ ਕਿਹਾ ਕਿ “ਸਾਨੂੰ ਸਭ ਨੂੰ ਵਾਤਾਵਰਣ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਸਾਫ-ਸੁਥਰਾ ਤੇ ਸ਼ੁੱਧ ਵਾਤਾਵਰਣ ਦੇ ਸਕੀਏ”। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਤਾ-ਪਿਤਾ ਨੂੰ ਸਮਰਪਿਤ ਇੱਕ-ਇੱਕ ਪੌਦਾ ਜ਼ਰੂਰ ਲਾਉਣ ਤੇ ਉਹਦੀ ਸਾਂਭ-ਸੰਭਾਲ ਵੀ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਨੂੰ ਹਰਿਆ-ਭਰਿਆ ਬਣਾਉਣ ਦੇ ਮੰਤਵ ਨਾਲ ਜ਼ਿਲ੍ਹੇ ਵਿੱਚ ਇਸ ਸਾਲ ਹਰ ਵਾਰ ਦੀ ਤਰ੍ਹਾਂ ਵੱਖ-ਵੱਖ ਸਕੀਮਾਂ ਤਹਿਤ ਇੱਕ ਲੱਖ ਤੋਂ ਵੱਧ ਬੂਟੇ ਲਗਾਏ ਜਾਣਗੇ, ਜਿਲ੍ਹਾ ਤਰਨ ਤਾਰਨ ਵਿੱਚ ਤਰਨ ਤਾਰਨ, ਡੇਹਰਾ ਸਾਹਿਬ, ਦੋਦੇ, ਪੱਟੀ, ਜੌੜਾ, ਖਾਰਾ, ਸੰਘੇ ਵਿਖੇ ਮੌਜੂਦ ਨਰਸਰੀਆਂ ਵਿੱਚ 5 ਲੱਖ ਪੌਦੇ ਤਿਆਰ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਜੰਗਲਾਤ ਵਿਭਾਗ ਦੀਆਂ ਨਰਸਰੀਆਂ ਤੋਂ ਸਰਕਾਰ ਦੇ ਹੁਕਮਾਂ ਮੁਤਾਬਿਕ ਕਿਸਾਨ ਵਿੱਦਿਅਕ ਸੰਸਥਾਵਾਂ ਅਤੇ ਐਨ. ਜੀ. ਓ. ਆਦਿ ਮੁਫਤ ਪੌਦੇ ਲੈ ਕੇ ਲਾ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੇ ਸੀਜ਼ਨ ਦੌਰਾਨ ਆਪਣੇ ਟਿਊਬਵੈਲਾਂ, ਬੰਬੀਆਂ ਆਦਿ ਉੱਪਰ ਇੱਕ-ਇੱਕ ਪੌਦਾ ਜ਼ਰੂਰ ਲਗਾਉਣ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਤੇ ਨਿਆਂ ਅਧਿਕਾਰਤਾ ਅਫ਼ਸਰ ਸ੍ਰੀ ਬਿਕਰਮਜੀਤ ਸਿੰਘ ਪੁਰੇਵਾਲ ਤੇ ਵਣ ਵਿਭਾਗ ਦੇ ਜਿਲ੍ਹਾ ਅਧਿਕਾਰੀ ਦਵਿੰਦਰ ਕੁਮਾਰ ਰੇਂਜ ਅਫਸਰ ਸ਼੍ਰੀ ਮਨਜਿੰਦਰ ਸਿੰਘ, ਬਲਾਕ ਅਫਸਰ ਅਤੇ ਉਨ੍ਹਾਂ ਨਾਲ ਹਰਚੰਦ ਸਿੰਘ ਅਤੇ ਇੰਦਰਬੀਰ ਸਿੰਘ ਫਾਰੈਸਟ ਗਾਰਡ ਮੌਜੂਦ ਸਨ।