Close

Organizing district level program in connection with Amrit Mahotsav of Independence and Swachh Bharat

Publish Date : 16/05/2022
1

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ , ਤਰਨ ਤਾਰਨ

ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਅਤੇ ਸਵੱਛ ਭਾਰਤ ਦੇ ਸਬੰਧ ਵਿੱਚ ਜ਼ਿਲਾ ਪੱਧਰੀ ਪ੍ਰੋਗਰਾਮ ਦਾ ਆਯੋਜਨ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਕੀਤਾ ਗਿਆ ਆਯੋਜਨ

ਸ਼੍ਰੀ ਗੁਰੂ ਅਰਜਨ ਦੇਵ ਕਾਲਜ ‘ਚ ਕਰਵਾਇਆ ਗਿਆ ਜ਼ਿਲਾ ਪੱਧਰੀ ਪ੍ਰੋਗਰਾਮ

ਏ.ਡੀ.ਸੀ. ਸਕੱਤਰ ਸਿੰਘ ਬੱਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਪਦਮਸ਼੍ਰੀ ਬਾਬਾ ਸੇਵਾ ਸਿੰਘ ਖ਼ਾਸ ਤੌਰ ‘ਤੇ ਰਹੇ ਮੌਜੂਦ, ਡੀ.ਆਈ.ਓ. ਨੇ ਵੀ ਕੀਤੀ ਸ਼ਿਰਕਤ

ਐਨ.ਐੱਸ.ਐੱਸ. ਤੇ ਐਨ.ਵਾਈ.ਕੇ.ਐੱਸ. ਨੇ ਵੱਧ ਚੜ੍ਹ ਕੇ ਲਿਆ ਹਿੱਸਾ
ਤਰਨ ਤਾਰਨ, 13 ਮਈ :

ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਅੱਜ ਸਥਾਨਕ ਸ਼੍ਰੀ ਗੁਰੂ ਅਰਜਨ ਦੇਵ ਕਾਲਜ ਵਿੱਚ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਅਤੇ ਸਵੱਛਤਾ ਦਾ ਸੁਨੇਹਾ ਦਿੰਦਿਆਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਏ.ਡੀ.ਸੀ. ਸ਼ਹਿਰੀ ਵਿਕਾਸ ਸ੍ਰੀ ਸੱਕਤਰ ਸਿੰਘ ਬੱਲ (ਪੀ.ਸੀ.ਐੱਸ.) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀ ਸਕੱਤਰ ਸਿੰਘ ਬੱਲ ਨੇ ਕਿਹਾ ਕਿ ਵਿਕਸਿਤ ਮੁਲਕਾਂ ਵੱਲੋਂ ਸਾਫ ਸਫਾਈ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ ਅਤੇ ਸਾਡੇ ਮੁਲਕ ਵਿਚ ਵੀ ਅਜਿਹੀ ਪਹਿਲ ਸਰਕਾਰ ਦੇ ਨਾਲ-ਨਾਲ ਲੋਕਾਂ ਨੂੰ ਕਰਨੀ ਹੋਵੇਗੀ। ਕਿਓਂਕਿ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾ ਕੋਈ ਨੀਤੀ ਸਫਲ ਨਹੀਂ ਹੋ ਸਕਦੀ।

ਮੰਚ ਤੋਂ ਬੋਲਦਿਆਂ ਪਦਮਸ਼੍ਰੀ ਬਾਬਾ ਸੇਵਾ ਸਿੰਘ ਨੇ ਕਿਹਾ ਕਿ ਵਾਤਾਵਰਨ ਦੀ ਸਾਂਭ ਸੰਭਾਲ ਲਈ ਹਰ ਦੇਸ਼ਵਾਸੀ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਲੋਕਾਂ ਨੂੰ ਵੱਧ ਚੜ੍ਹ ਕੇ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸਦੇ ਮੱਦੇਨਜ਼ਰ ਪੇਂਡੂ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਵੱਧ ਜਾਗਰੂਕ ਹੋਣ ਦੀ ਲੋੜ ਹੈ।

ਇਸ ਮੌਕੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਐੱਫ.ਪੀ.ਓ. ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ‘ਤੇ ਸਵੱਛਤਾ ਅਭਿਆਨ ਦਾ ਆਗਾਜ਼ ਕੀਤਾ ਗਿਆ ਸੀ। ਉਹਨਾਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਇਸਨੂੰ ਜਨ ਅੰਦੋਲਨ ਬਣਾਉਣ ਦੀ ਅਪੀਲ ਕੀਤੀ।

ਡੀ.ਆਈ.ਓ. ਵਰਿੰਦਰ ਕੌਰ ਨੇ ਕਿਹਾ ਕਿ ਜ਼ਿਲੇ ਵਿੱਚ ਵੱਡੇ ਪੱਧਰ ਉੱਤੇ ਕੋਵਿਡ 19 ਦਾ ਮੁਫ਼ਤ ਟੀਕਾਕਰਣ ਕੀਤਾ ਗਿਆ ਹੈ ਅਤੇ ਇਸਦੇ ਨਾਲ ਹੀ ਲੋਕਾਂ ਨੂੰ ਲਗਾਤਾਰ ਇਸ ਮਹਾਂਮਾਰੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਕਾਲਜ ਦੇ ਪ੍ਰਿੰਸੀਪਲ ਡਾਕਟਰ ਹਰਵਿੰਦਰ ਭੱਲਾ ਨੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਵੱਛ ਭਾਰਤ ਮੁਹਿੰਮ ‘ਤੇ ਆਧਾਰਿਤ ਅਜਿਹੇ ਪ੍ਰੋਗਰਾਮ ਦੇਸ਼ ਭਰ ਵਿੱਚ ਕਰਵਾਏ ਜਾ ਰਹੇ ਨੇ, ਜੋ ਕਿ ਇਕ ਸ਼ਲਾਘਾਯੋਗ ਉਪਰਾਲਾ ਹੈ। ਇਸ ਦੌਰਾਨ ਮੰਤਰਾਲੇ ਵਲੋਂ ਸਫਾਈ ਮੁਹਿੰਮ ਵਿੱਢਣ ਵਾਸਤੇ ਕਾਲਜ ਨੂੰ ਸਨਮਾਨ ਚਿੰਨ੍ਹ ਵਜੋਂ 6 ਕੂੜੇਦਾਨ ਵੀ ਭੇਂਟ ਕੀਤੇ ਗਏ।

ਇਸ ਮੌਕੇ ਦੇਸ਼ਭਗਤੀ ਦਾ ਸੁਨੇਹਾ ਦਿੰਦਿਆਂ ਇੱਕ ਨੁੱਕੜ ਨਾਟਕ ਦਾ ਆਯੋਜਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਕੀਤੀ ਗਈ ਪੇਸ਼ਕਾਰੀਆਂ ਨੇ ਸਭਦਾ ਮਨ ਮੋਹ ਲਿਆ।

ਬਹਿਰਹਾਲ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਆਯੋਜਿਤ ਕੀਤਾ ਗਿਆ ਇਹ ਪ੍ਰੋਗਰਾਮ ਸਫਲ ਹੋ ਨਿੱਬੜਿਆ ਅਤੇ ਇਲਾਕਾ ਵਾਸੀਆਂ ਵਿੱਚ ਸਵੱਛਤਾ ਦੀ ਮਹੱਤਤਾ ਦੇ ਨਾਲ ਨਾਲ ਵਾਤਾਵਰਣ ਦੀ ਸਾਂਭ ਸੰਭਾਲ ਦਾ ਸੁਨੇਹਾ ਦਿੰਦਿਆਂ ਇੱਕ ਨਵੀਂ ਊਰਜਾ ਦਾ ਸੰਚਾਰ ਕਰ ਗਿਆ।