• Social Media Links
  • Site Map
  • Accessibility Links
  • English
Close

Owners will be fined for accumulation of garbage, dirt and dirty water in vacant plots – District Magistrate

Publish Date : 01/07/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਖਾਲੀ ਪਲਾਟਾਂ `ਚ ਕੂੜੇ ਕਰਕਟ, ਗੰਦਗੀ ਅਤੇ ਗੰਦੇ ਪਾਣੀ ਦੇ ਇਕੱਠੇ ਹੋਣ `ਤੇ ਮਾਲਕ ਨੂੰ ਹੋਵੇਗਾ ਜ਼ੁਰਮਾਨਾ-ਜ਼ਿਲ੍ਹਾ ਮੈਜਿਸਟਰੇਟ
ਨਗਰ ਕੌਂਸਲ/ਪੰਚਾਇਤ ਵੱਲੋਂ ਪਲਾਟ ਦੀ ਸਫ਼ਾਈ ਕਰਨ `ਤੇ ਰਿਕਵਰੀ ਮਾਲਕ/ਕਾਬਜ਼ ਪਾਸੋਂ ਕਰਨ ਦੀ ਹਦਾਇਤ
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਜਾਰੀ ਕੀਤੇ ਹੁਕਮ
ਤਰਨ ਤਾਰਨ, 01 ਜੁਲਾਈ:
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ, ਆਈ. ਏ. ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਨਿੱਜੀ ਕਬਜ਼ੇ/ਮਾਲਕੀ ਵਾਲੇ ਖਾਲੀ ਪਏ ਪਲਾਟਾਂ `ਚ ਕੂੜੇ ਕਰਕਟ, ਗੰਦਗੀ ਅਤੇ ਗੰਦੇ ਪਾਣੀ ਦੇ ਇਕੱਠੇ ਹੋਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਬਚਾਅ ਲਈ ਅਗਾਊ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ ਲਈ ਵਿਸ਼ੇਸ਼ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਅਨੁਸਾਰ ਸ਼ਹਿਰ ਵਿੱਚ ਖਾਲੀ ਪਏ ਪਲਾਟਾਂ ਦੇ ਮਾਲਕ/ਕਾਬਜ਼ ਆਪਣੇ ਖਾਲੀ ਪਲਾਟਾਂ ਵਿਚ ਲੱਗੇ ਕੂੜੇ ਕਰਕਟ ਦੇ ਢੇਰ, ਗੰਦਗੀ ਅਤੇ ਮੀਂਹ ਦੇ ਰੁਕੇ ਹੋਏ ਗੰਦੇ ਪਾਣੀ ਦੀ ਤੁਰੰਤ ਸਾਫ਼-ਸਫ਼ਾਈ ਆਪਣੇ ਪੱਧਰ `ਤੇ ਕਰਵਾਉਣੀ ਯਕੀਨੀ ਬਣਾਉਣਗੇ।ਹੁਕਮਾਂ ਵਿੱਚ ਉਹਨਾਂ ਕਿਹਾ ਕਿ ਆਪਣੀ ਮਾਲਕੀ/ਕਬਜ਼ੇ ਵਾਲੇ ਖਾਲੀ ਪਲਾਟ ਦੇ ਆਲੇ ਦੁਆਲੇ ਪੱਕੀ ਚਾਰਦੀਵਾਰੀ ਜਾਂ ਫੈਂਸਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ ਜਾਂ ਪਲਾਟ ਵਿਚ ਕੂੜਾ ਕਰਕਟ ਇਕੱਠਾ ਹੋਣ ਤੋਂ ਰੋਕਿਆ ਜਾਵੇ।
ਉਹਨਾਂ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਆਪਣੇ ਅਧਿਕਾਰ ਖੇਤਰ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਰਾਹੀਂ ਜਾਰੀ ਇੰਨ੍ਹਾਂ ਹੁਕਮਾਂ ਦੀ ਪਾਲਣਾ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ, 1976, ਵਾਤਾਵਰਣ (ਸੁਰੱਖਿਆ) ਐਕਟ, 1986 ਅਤੇ ਮਿਊਂਸਪਲ ਸੌਲਿਡ ਵੇਸਟ (ਮੈਨੇਜ਼ਮੈਂਟ ਅਤੇ ਹੈਂਡਿਲੰਗ) ਨਿਯਮ, 2016 ਅਧੀਨ ਕਰਵਾਉਣੀ ਯਕੀਨੀ ਬਣਾਉਣਗੇ।ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇੰਨ੍ਹਾਂ ਹੁਕਮਾਂ ਦੀ ਉਲੰਘਣਾਂ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਜਨਤਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਸਿੱਟੇ ਵਜੋਂ ਉਕਤ ਨਿਯਮਾਂ ਤਹਿਤ ਜ਼ੁਰਮਾਨੇ ਅਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਮਾਮਲੇ ਦਰਜ ਕੀਤੇ ਜਾਣ। ਇਸ ਤੋਂ ਇਲਾਵਾ ਜੇਕਰ ਪਲਾਟ ਦੀ ਸਾਫ਼-ਸਫ਼ਾਈ ਦਾ ਕੰਮ ਨਗਰ ਕੌਂਸਲ/ਪੰਚਾਇਤ ਵੱਲੋਂ ਕਰਵਾਇਆ ਜਾਂਦਾ ਹੈ ਤਾਂ ਸਾਫ਼-ਸਫ਼ਾਈ ‘ਤੇ ਹੋਣ ਵਾਲੇ ਖਰਚ ਦੀ ਰਿਕਵਰੀ ਪਲਾਟ ਦੇ ਕਾਬਜ਼/ਮਾਲਕ ਪਾਸੋਂ ਕੀਤੀ ਜਾਵੇ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਸ਼ਹਿਰ ਵਿਚ ਜਗ੍ਹਾ-ਜਗ੍ਹਾ `ਤੇ ਵੱਖ-ਵੱਖ ਵਿਅਕਤੀਆ ਦੀ ਮਾਲਕੀ/ਕਬਜ਼ੇ ਅਧੀਨ ਖਾਲੀ ਪਏ ਪਲਾਟਾਂ ਵਿਚ ਕੂੜਾ ਕਰਕਟ, ਗੰਦਗੀ ਅਤੇ ਗੰਦਾ ਪਾਣੀ ਇਕੱਠਾ ਹੁੰਦਾ ਰਹਿੰਦਾ ਹੈ, ਜਿਸ ਨਾਲ ਕਈ ਤਰ੍ਹਾਂ ਦੇ ਨੁਕਸਾਨਦਾਇਕ ਜੀਵ ਜੰਤੂ ਪੈਦਾ ਹੁੰਦੇ ਹਨ ਜੋ ਵੱਖ-ਵੱਖ ਪ੍ਰਕਾਰ ਦੀਆਂ ਬਿਮਾਰੀਆਂ (ਜਿਵੇਂ ਡੇਂਗੂ, ਮਲੇਰੀਆ, ਚਿਕਨਗੁਨੀਆ ਆਦਿ) ਫੈਲਾਉਂਦੇ ਹਨ।ਇਸ ਤਰ੍ਹਾਂ ਇਹ ਬਿਮਾਰੀਆਂ ਸ਼ਹਿਰ ਵਾਸੀਆਂ ਦੀ ਸਿਹਤ ਲਈ ਇਕ ਗੰਭੀਰ ਅਤੇ ਜਾਨਲੇਵਾ ਖ਼ਤਰਾ ਹਨ। ਅਜਿਹੀ ਸਥਿਤੀ ਵਿਚ ਇੰਨ੍ਹਾਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਇੰਨ੍ਹਾਂ ਖਾਲੀ ਪਏ ਪਲਾਟਾਂ ਦੀ ਸਾਫ਼-ਸਫ਼ਾਈ ਹੋਣੀ ਜ਼ਰੂਰੀ ਹੈ।