Close

Patti became the first city in Punjab to get 100% Corona vaccination

Publish Date : 17/09/2021

ਪੱਟੀ 100 ਫੀਸਦੀ ਕੋਰੋਨਾ ਟੀਕਾਕਰਨ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ
ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ ਵਧਾਈ- ਪੰਜਾਬ ਲਈ ਪ੍ਰੇਰਨਾ ਸਰੋਤ ਬਣਿਆ ਸ਼ਹਿਰ ਪੱਟੀ
ਤਰਨਤਾਰਨ, 16 ਸਤੰਬਰ -ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਖਾਤਮੇ ਲਈ ਵਿੱਢੀ ਟੀਕਾਕਰਨ ਮੁਹਿੰਮ ਵਿਚ ਤਰਨਤਾਰਨ ਜਿਲੇ ਨੂੰ ਵੱਡੀ ਪ੍ਰਾਪਤੀ ਮਿਲੀ ਹੈ ਅਤੇ ਇਸ ਜਿਲੇ ਦਾ ਸ਼ਹਿਰ ਪੱਟੀ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ ਹੈ, ਜਿਸ ਦੇ ਸਾਰੇ ਯੋਗ ਵਾਸੀਆਂ ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ। ਇਹ ਖੁਸ਼ਖਬਰੀ ਸਾਂਝੀ ਕਰਦੇ ਹੋਏ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਸਾਡੇ ਸਾਰਿਆਂ ਲਈ ਖੁਸ਼ੀ ਤੇ ਤਸੱਲੀ ਵਾਲੀ ਗੱਲ ਹੈ ਕਿ ਮਾਝੇ ਦਾ ਮਸ਼ਹੂਰ ਸ਼ਹਿਰ ਪੱਟੀ ਦੇ 100 ਫੀਸਦੀ ਯੋਗ ਲਾਭਪਾਤਰੀਆਂ ਨੇ ਆਪਣੀ ਸਹਿਮਤੀ ਨਾਲ ਕੋਰੋਨਾ ਤੋਂ ਬਚਾਅ ਦਾ ਟੀਕਾ ਲਗਾਇਆ ਹੈ। ਉਨਾਂ ਇਸ ਲਈ ਸਿਹਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ ਅਤੇ ਪੱਟੀ ਦੇ ਮੋਹਤਬਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਕੰਮ ਕਿਸੇ ਇਕ ਆਦਮੀ ਜਾਂ ਇਕ ਵਿਭਾਗ ਦੇ ਵੱਸ ਦੀ ਗੱਲ ਨਹੀਂ, ਬਲਕਿ ਤੁਹਾਡੇ ਸਾਰਿਆਂ ਦੀਆਂ ਨਿੱਜੀ ਕੋਸ਼ਿਸ਼ਾਂ ਦਾ ਨਤੀਜਾ ਹੈ। ਉਨਾਂ ਕਿਹਾ ਕਿ ਤੁਸੀਂ ਜਿੱਥੇ ਸ਼ਹਿਰ ਵਾਸੀਆਂ ਨੂੰ ਇਸ ਟੀਕੇ ਦੀ ਮਹੱਤਤਾ ਲਈ ਜਾਗਰੂਕ ਕੀਤਾ, ਉਥੇ ਟੀਕਾ ਲਗਵਾਉਣ ਦੇ ਪ੍ਰਬੰਧ ਵੀ ਕੀਤੇ। ਉਨਾਂ ਕਿਹਾ ਕਿ ਮੇਰੇ ਲਈ ਵੀ ਇਹ ਵੱਡੀ ਪ੍ਰਾਪਤੀ ਹੈ ਕਿ ਕਿਉਂਕਿ ਤੁਸੀਂ ਸਾਰੇ ਮੇਰੀ ਟੀਮ ਵਜੋਂ ਵਿਚਰ ਰਹੇ ਹੋ ਅਤੇ ਮੈਨੂੰ ਤੁਹਾਡੇ ਵਰਗੇ ਕਰਮਯੋਗੀਆਂ ਉਤੇ ਮਾਣ ਹੈ।
         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੱਟੀ ਸ਼ਹਿਰ ਦੀ ਕੁੱਲ ਅਬਾਦੀ 49204 ਹੈ ਅਤੇ 19 ਵਾਰਡਾਂ ਵਿਚ ਵੱਸਦੇ ਇਸ ਸ਼ਹਿਰ ਵਿਚ 30506 ਯੋਗ ਵਿਅਕਤੀ ਸਨ, ਜਿੰਨਾ ਨੂੰ ਕਰੋਨਾ ਦਾ ਟੀਕਾ ਲਗਾਇਆ ਜਾ ਸਕਦਾ ਸੀ। ਉਨਾਂ ਕਿਹਾ ਕਿ ਤੁਹਾਡੇ ਸਾਰਿਆਂ ਦੀ ਸਹਿਮਤੀ ਨਾਲ 31037 ਵਿਅਕਤੀਆਂ ਨੇ ਕੋਰੋਨਾ ਦਾ ਟੀਕਾ ਲਗਾਇਆ ਹੈ, ਜੋ ਕਿ 100 ਫੀਸਦੀ ਤੋਂ ਵੱਧ ਜਾਂਦਾ ਹੈ, ਕਿਉਂਕਿ ਇਸ ਵਿਚ ਕਈ ਵਿਦੇਸ਼ ਜਾਣ ਵਾਲੇ ਬੱਚੇ ਵੀ ਸ਼ਾਮਿਲ ਹਨ। ਉਨਾਂ ਦੱਸਿਆ ਕਿ ਇਸ ਵਿਚੋਂ 5689 ਵਿਅਕਤੀ ਕੋਰੋਨਾ ਦੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਹਨ।
         ਇਸ ਮੌਕੇ ਸਿਵਲ ਸਰਜਨ ਡਾ. ਰੋਹਿਤ ਮਹਿਤਾ ਤੇ ਡੀ. ਆਈ. ਓ ਸ੍ਰੀਮਤੀ ਵਰਦਿੰਰਪਾਲ ਕੌਰ ਨੇ ਦੱਸਿਆ ਕਿ ਇਸ ਲਈ ਸਾਨੂੰ ਪੱਟੀ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਹਿਯੋਗ ਮਿਲਦਾ ਰਿਹਾ। ਐਸ ਐਮ ਪੱਟੀ ਡਾ. ਗੁਰਪ੍ਰੀਤ ਰਾਏ ਅਤੇ ਪੱਟੀ ਟੀਕਾਕਰਨ ਦੇ ਨੋਡਲ ਅਧਿਕਾਰੀ ਡਾ. ਗੁਰਸਿਮਰਨ ਸਿੰਘ ਨੇ ਦੱਸਿਆ ਕਿ ਅਸੀਂ ਜਿੱਥੇ ਟੀਕੇ ਦੀ ਨਿਰੰਤਰ ਸਪਲਾਈ ਜਾਰੀ ਰੱਖੀ, ਉਥੇ ਪੱਟੀ ਦੇ ਹਰ ਮੁਹੱਲੇ, ਗੁਰਦੁਆਰੇ ਅਤੇ ਮੰਦਰ ਵਿਚ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦਾ ਟੀਕਾਕਰਨ ਕੀਤਾ। ਇਸ ਤੋਂ ਇਲਾਵਾ ਆਈਲੈਟਸ ਸੈਂਟਰਾਂ, ਦਫਤਰਾਂ ਆਦਿ ਦਾ ਸਹਿਯੋਗ ਵੀ ਇਸ ਕੰਮ ਵਿਚ ਲਿਆ। ਉਨਾਂ ਡਿਪਟੀ ਕਮਿਸ਼ਨਰ ਅਤੇ ਉਨਾਂ ਦੀ ਟੀਮ ਵੱਲੋਂ ਇਸ ਲਈ ਮਿਲੇ ਸਹਿਯੋਗ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਜਤ ਉਬਰਾਏ, ਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆ, ਐਸ ਡੀ ਐਮ ਸ੍ਰੀ ਅਮਨਦੀਪ ਸਿੰਘ, ਸ. ਸੁਖਵਿੰਦਰ ਸਿੰਘ ਸਿੱਧੂ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।