PAU – Kisan Mela tomorrow at Krishi Vigyan Kendra, Nag Kalan-Jahangir, Amritsar – Dr. Parvinder Singh
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ,ਤਰਨ ਤਾਰਨ
ਪੀ ਏ ਯੂ – ਕ੍ਰਿਸ਼ੀ ਵਿਗਿਆਨ ਕੇਂਦਰ, ਨਾਗ ਕਲਾਂ-ਜਹਾਂਗੀਰ, ਅੰਮ੍ਰਿਤਸਰ ਵਿਖੇ ਕਿਸਾਨ ਮੇਲਾ ਭਲਕੇ – ਡਾ. ਪਰਵਿੰਦਰ ਸਿੰਘ
ਤਰਨ ਤਾਰਨ, 08 ਮਾਰਚ
ਪੀ ਏ ਯੂ- ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਅਤੇ ਬੀਜ ਫਾਰਮ ਉਸਮਾਂ ਦੇ ਇੰਚਾਰਜ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਭਲਕੇ ਮਿਤੀ 10 ਮਾਰਚ ਦਿਨ ਸੋਮਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਾਉਣੀ ਦੇ ਕਿਸਾਨ ਮੇਲਿਆ ਦੀ ਲੜੀ ਤਹਿਤ ਦੂਜਾ ਕਿਸਾਨ ਮੇਲਾ ਕ੍ਰਿਸ਼ੀ ਵਿਗਿਆਨ ਕੇਂਦਰ, ਨਾਗ ਕਲਾਂ-ਜਹਾਂਗੀਰ, ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਲਗਾਇਆ ਜਾ ਰਿਹਾ ਹੈ।
ਇਸ ਮੇਲੇ ਦਾ ਉਦੇਸ਼ “ਨਵੀਆਂ ਖੇਤੀ ਤਕਨੀਕਾਂ ਅਪਣਾਓ, ਖਰਚ ਘਟਾਓ ਝਾੜ ਵਧਾਓ” ਹੋਵੇਗਾ । ਇਸ ਮੇਲੇ ਵਿੱਚ ਸ. ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ, ਪੰਜਾਬ, ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਣਗੇ । ਉਨ੍ਹਾਂ ਦੱਸਿਆ ਕਿ ਡਾ. ਸਤਿਬੀਰ ਸਿੰਘ ਗੋਸਲ ਮਾਨਯੋਗ ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਇਸ ਮੇਲੇ ਦੀ ਪ੍ਰਧਾਨਗੀ ਕਰਨਗੇ।
ਇਸ ਮੇਲੇ ਦੋਰਾਨ ਸਾਉਣੀ ਰੁੱਤ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਦੀਆਂ ਸੁਧਰੀਆਂ ਕਿਸਮਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਦੀ ਵਿਕਰੀ ਵੀ ਕੀਤੀ ਜਾਵੇਗੀ। ਡਾ. ਪਰਵਿੰਦਰ ਸਿੰਘ ਨੇ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਇਸ ਕਿਸਾਨ ਮੇਲੇ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਦੀ ਬੇਨਤੀ ਕੀਤੀ। ਇਸ ਮੇਲੇ ਵਿੱਚ ਵੱਖ-ਵੱਖ ਵਿਭਾਗ ਜਿਵੇਂ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ, ਬਾਗਬਾਨੀ, ਖੇਤੀ ਮਸ਼ੀਨਰੀ ਆਦਿ ਹਿੱਸਾ ਲੈਣਗੇ । ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਾਰੇ ਵਿਭਾਗ ਪ੍ਰਦਰਸ਼ਨੀਆਂ ਲਾਉਣਗੇ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਵੇਗਾ।