Pension Facilitation Camp-Deputy Commissioner will be organized every Wednesday in the district
ਜਿਲ੍ਹੇ ਵਿਚ ਹਰ ਬੁੱਧਵਾਰ ਲਗਾਏ ਜਾਣਗੇ ਪੈਨਸ਼ਨ ਸੁਵਿਧਾ ਕੈਂਪ-ਡਿਪਟੀ ਕਮਿਸ਼ਨਰ
ਅੱਜ ਪਹਿਲੇ ਦਿਨ ਚਾਰ ਥਾਵਾਂ ਉਤੇ ਲੱਗੇ ਕੈਂਪਾਂ ਨੂੰ ਮਿਲਿਆ ਭਰਵਾਂ ਹੁੰਗਾਰਾ
ਤਰਨਤਾਰਨ, 17 ਅਗਸਤ ( )ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਉਨਾਂ ਦੇ ਦਰ ਉਤੇ ਪਹੁੰਚਾਉਣ ਦੇ ਕੀਤੇ ਗਏ ਉਪਰਾਲੇ ਤਹਿਤ ਜਿਲ੍ਹੇ ਵਿਚ ਹਰ ਬੁੱਧਵਾਰ ਨੂੰ ਹਰੇਕ ਵਿਧਾਨ ਸਭਾ ਹਲਕੇ ਵਿਚ ਇਕ ਪੈਨਸ਼ਨ ਸੁਵਿਧਾ ਕੈਂਪ ਲਗਾਇਆ ਜਾਵੇਗਾ, ਜਿੱਥੇ ਕਿ ਪੈਨਸ਼ਨ ਸਬੰਧੀ ਹਰੇਕ ਤਰਾਂ ਦੀ ਕਾਰਵਾਈ ਪੂਰੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਨੇ ਇਸ ਸਬੰਧ ਵਿਚ ਅੱਜ ਪਹਿਲੇ ਬੁੱਧਵਾਰ ਨੂੰ ਚਾਰ ਵੱਖ-ਵੱਖ ਥਾਵਾਂ ਉਤੇ ਕੈਂਪ ਲਗਾਏ ਸਨ, ਜਿਸ ਵਿਚ ਲੋਕਾਂ ਦਾ ਵੱਡਾ ਹੁੰਗਾਰਾ ਮਿਲਿਆ ਹੈ। ਉਨਾਂ ਦੱਸਿਆ ਕਿ ਇੰਨਾਂ ਕੈਂਪਾਂ ਵਿਚ ਉਕਤ ਸਥਾਨ ਜਿੱਥੇ ਕਿ ਕੈਂਪ ਲੱਗਣਾ ਹੋਵੇ, ਦੇ ਨਾਲ ਵਾਲੇ ਤਿੰਨ-ਚਾਰ ਪਿੰਡਾਂ ਨੂੰ ਹੀ ਸ਼ਾਮਿਲ ਕੀਤਾ ਜਾਂਦਾ ਹੈ, ਤਾਂ ਕਿ ਲੋਕ ਬਿਨਾਂ ਕਿਸੇ ਭੀੜ ਦੇ ਇਹ ਸੁਵਿਧਾ ਪ੍ਰਾਪਤ ਕਰ ਸਕਣ। ਇਸ ਮੌਕੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀਮਤੀ ਕਿਰਤਮੀਤ ਕੌਰ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਚੱਲਦਾ ਹੈ, ਜਿਸ ਵਿਚ ਹਰੇਕ ਤਰਾਂ ਦੀ ਪੈਨਸ਼ਨ ਦੇ ਫਾਰਮ ਪ੍ਰਾਪਤ ਕੀਤੇ ਜਾਂਦੇ ਹਨ। ਉਨਾਂ ਦੱਸਿਆ ਕਿ ਅੱਜ 17 ਅਗਸਤ ਨੂੰ ਚੋਹਲਾ ਸਾਹਿਬ, ਨੌਸ਼ਿਹਰਾ ਪੰਨੂਆਂ, ਬਲੇਹਰ ਅਤੇ ਗੰਢੀਵਿੰਢ ਵਿਖੇ ਇਹ ਕੈਂਪ ਲਗਾਏ ਗਏ ਸਨ, ਜਿਸ ਵਿਚ ਲੋਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਉਨਾਂ ਦੱਸਿਆ ਕਿ ਇੰਨਾਂ ਕੈਂਪਾਂ ਵਿਚ ਕਰੀਬ 16 ਪਿੰਡਾਂ ਦੇ ਲੋਕਾਂ ਨੂੰ ਮੌਕੇ ਉਤੇ ਪੈਨਸ਼ਨ ਸਬੰਧੀ ਹਰ ਤਰਾਂ ਦੀ ਸੁਵਿਧਾ ਦਿੱਤੀ ਗਈ। ਲੋੜਵੰਦ ਲੋਕਾਂ ਦੇ ਬੁਢਾਪਾ, ਵਿਧਵਾ ਤੇ ਦਿਵਆਂਗ ਪੈਨਸ਼ਨ ਸਬੰਧੀ ਕੇਸ ਲਏ ਗਏ ਹਨ। ਉਨਾਂ ਦੱਸਿਆ ਕਿ ਕੈਂਪ ਵਿਚ ਹੋਰ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਨਾਉਣ ਲਈ ਆਂਗਨਵਾੜੀ ਵਰਕਰਾਂ ਦੀ ਸਹਾਇਤਾ ਵੀ ਲਈ ਜਾ ਰਹੀ ਹੈ। ਉਨਾਂ ਨੇ ਦੱਸਿਆ ਕਿ ਅਗਲੇ ਕੈਂਪ ਵਾਲੇ ਸਥਾਨਾਂ ਦਾ ਐਲਾਨ ਅਗਲੇ ਇਕ-ਦੋ ਦਿਨਾਂ ਵਿਚ ਕਰ ਦਿੱਤਾ ਜਾਵੇਗਾ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਕੈਂਪ ਲੱਗਦਾ ਹੋਵੇ, ਉਸ ਪਿੰਡ ਜਾਂ ਉਸਦੇ ਨੇੜਲੇ ਪਿੰਡ ਦੇ ਲੋਕ ਕੈਂਪ ਤੋਂ ਲਾਭ ਜ਼ਰੂਰ ਲੈਣ।
ਕੈਪਸ਼ਨ
ਪਿੰਡ ਚੋਹਲਾ ਸਾਹਿਬ ਤੇ ਨੌਸ਼ਿਹਰਾ ਪੰੂਨੂਆਂ ਵਿਖੇ ਲਗਾਏ ਗਏ ਕੈਂਪਾਂ ਦਾ ਲਾਭ ਲੈਂਦੇ ਪਿੰਡ ਵਾਸੀ।