Providing constant and cheap electricity is the priority of the Punjab government-Lalpura
ਨਿਰੰਤਰ ਅਤੇ ਸਸਤੀ ਬਿਜਲੀ ਦੇਣੀ ਪੰਜਾਬ ਸਰਕਾਰ ਦੀ ਤਰਜੀਹ-ਲਾਲਪੁਰਾ
ਬਿਜਲੀ ਪੈਦਾ ਕਰਨ ਲਈ ਸੂਰਜੀ ਊਰਜੇ ਵਰਗੇ ਨਵਿਆਉਣਯੋਗ ਸੋਮਿਆਂ ਦੀ ਵੀ ਵਰਤੋਂ ਕਰੋ-ਡਿਪਟੀ ਕਮਿਸ਼ਨਰ
ਬਿਜਲੀ ਸਪਲਾਈ ਵਿਚ ਸੁਧਾਰ ਲਈ ਕਿਸਾਨ ਆਪਣੇ ਟਿਊਬਵੈਲਾਂ ਦਾ ਲੋਡ ਵਧਾਉਣ-ਖਹਿਰਾ
ਖਡੂਰ ਸਾਹਿਬ, 27 ਜੁਲਾਈ ( )-ਹਲਕਾ ਵਿਧਾਇਕ ਸ. ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਵਸਨੀਕਾਂ ਨੂੰ ਨਿਰੰਤਰ ਅਤੇ ਸਸਤੀ ਬਿਜਲੀ ਸਪਲਾਈ ਦੇਣ ਲਈ ਲਗਾਤਾਰ ਬਿਜਲੀ ਸਪਲਾਈ ਵਿਚ ਸੁਧਾਰ ਕਰ ਰਹੀ ਹੈ ਅਤੇ ਪਿੰਡਾਂ ਤੇ ਸ਼ਹਿਰਾਂ ਵਿਚ ਨਵੇਂ ਟਰਾਂਸਫਾਰਮਰ ਤੇ ਨਵੀਆਂ ਲਾਇਨਾਂ ਇਸ ਕੰਮ ਤਹਿਤ ਹੋ ਰਹੀਆਂ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨਾਲ ਮੁਫ਼ਤ ਬਿਜਲੀ ਦੇਣ ਦਾ ਕੀਤਾ ਵਾਅਦਾ ਤਿੰਨ ਮਹੀਨਿਆਂ ਦੇ ਅੰਦਰ ਹੀ ਪੂਰਾ ਕਰ ਦਿੱਤਾ ਹੈ ਅਤੇ ਇਕ ਜੁਲਾਈ ਤੋਂ ਹਰੇਕ ਘਰ ਨੂੰ 600 ਯੂਨਿਟ, ਜੋ ਕਿ ਪ੍ਰਤੀ ਮਹੀਨਾ 300 ਯੂਨਿਟ ਬਣਦੇ ਹਨ, ਦੇਣੇ ਸ਼ੁਰੂ ਕਰ ਦਿੱਤੇ ਗਏ ਹਨ, ਜਿਸਦਾ ਲੱਖਾਂ ਘਰਾਂ ਨੂੰ ਲਾਭ ਹੋਵੇਗਾ। ਅੱਜ ‘ਉਜਵਲ ਭਾਰਤ ਉਜਵਲ ਭਵਿੱਖ’ ਵਿਸ਼ੇ ਉਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਉਨਾਂ ਕਿਹਾ ਕਿ ਬਿਜਲੀ ਵਿਭਾਗ ਦਾ ਕੰਮ ਹਰ ਘਰ ਜਾਂ ਹਰ ਡੇਰੇ ਨੂੰ 24 ਘੰਟੇ ਬਿਜਲੀ ਦੇਣ ਨਾਲ ਪੂਰਾ ਨਹੀਂ ਹੋ ਗਿਆ, ਬਲਕਿ ਵਿਭਾਗ ਲਗਾਤਾਰ ਤੁਹਾਡੇ ਵੱਧ ਰਹੇ ਲੋਡ ਅਨੁਸਾਰ ਬਿਜਲੀ ਸਪਲਾਈ ਜਾਰੀ ਰੱਖਣ ਲਈ ਕੰਮ ਕਰ ਰਿਹਾ ਹੈ ਅਤੇ ਹਾਲ ਹੀ ਵਿਚ ਇਸ ਕੰਮ ਉਤੇ ਪਿੰਡਾਂ ਤੇ ਕਸਬਿਆਂ ਵਿਚ ਹੀ 580 ਕਰੋੜ ਰੁਪਏ ਦੀ ਰਾਸ਼ੀ ਖਰਚੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ 31 ਦਸੰਬਰ ਤੱਕ ਜੋ ਬਿਜਲੀ ਬਕਾਏ ਮੁਆਫ਼ ਕੀਤੇ ਹਨ, ਉਸ ਨਾਲ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ।
ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਕਿਹਾ ਕਿ ਅੱਜ ਦੀ ਜਿੰਦਗੀ ਵਿਚ ਬਿਜਲੀ ਦਾ ਮਹੱਤਵ ਸਾਡੀਆਂ ਮੁੱਢਲੀਆਂ ਲੋੜਾਂ, ਜਿੰਨਾ ਵਿਚ ਪਾਣੀ ਤੇ ਹਵਾ ਵੀ ਸ਼ਾਮਿਲ ਹਨ, ਦੀ ਪੂਰਤੀ ਤੱਕ ਹੋ ਗਿਆ ਹੈ। ਬਿਜਲੀ ਨਾ ਮਿਲਣ ਕਾਰਨ ਪੀਣ ਲਈ ਪਾਣੀ ਤੱਕ ਦੀ ਕਿਲਤ ਆ ਜਾਂਦੀ ਹੈ ਅਤੇ ਬਿਨਾਂ ਬਿਜਲੀ ਤੋਂ ਹਸਪਤਾਲਾਂ ਵਿਚ ਕੀਮਤੀ ਜਾਨਾਂ ਜਾਂਦੀਆਂ ਤੁਸੀਂ ਕਰੋਨਾ ਕਾਲ ਵਿਚ ਵੇਖੀਆਂ-ਸੁਣੀਆਂ ਹਨ। ਉਨਾਂ ਕਿਹਾ ਕਿ ਸਾਨੂੰ ਜਿੱਥੇ ਬਿਜਲੀ ਲੋੜ ਅਨੁਸਾਰ ਵਰਤਣੀ ਚਾਹੀਦੀ ਹੈ, ਉਥੇ ਬਿਜਲੀ ਪੈਦਾ ਕਰਨ ਦੇ ਨਵੇਂ ਸਰੋਤ ਜਿੰਨਾ ਵਿਚ ਸੂਰਜੀ ਊਰਜਾ ਸ਼ਾਮਿਲ ਹੈ, ਨੂੰ ਵੱਧ ਤੋਂ ਵੱਧ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ। ਉਪ ਮੁੱਖ ਇੰਜੀਨੀਅਰ ਸ. ਗੁਰਸ਼ਰਨ ਸਿੰਘ ਖਹਿਰਾ ਨੇ ਇਸ ਮੌਕੇ ਵਿਭਾਗ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਆਪਣੇ ਟਿਊਬਵੈਲਾਂ ਦਾ ਲੋਡ ਵਧਾਉਣ ਲਈ ਦਿੱਤੇ ਵਾਧੂ ਸਮਾਂ ਦਾ ਲਾਹਾ ਲੈਣ, ਜਿਸ ਤਹਿਤ ਕਿਸਾਨ 15 ਸਤੰਬਰ ਤੱਕ ਕੇਵਲ 2750 ਰੁਪਏ ਫੀਸ ਪ੍ਰਤੀ ਹਾਰਸ ਪਾਵਰ ਦੇ ਕੇ ਆਪਣਾ ਲੋਡ ਵਧਾ ਸਕਦੇ ਹਨ। ਉਨਾਂ ਦੱਸਿਆ ਕਿ ਪਹਿਲਾਂ ਇਹ ਫੀਸ 4750 ਰੁਪਏ ਪ੍ਰਤੀ ਹਾਰਸ ਪਾਵਰ ਸੀ, ਜੋ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ 2000 ਰੁਪਏ ਪ੍ਰਤੀ ਹਾਰਸ ਪਾਵਰ ਘੱਟ ਕਰ ਦਿੱਤੀ ਹੈ। ਉਨਾਂ ਕਿਹਾ ਕਿ ਇਸ ਨਾਲ ਬਿਜਲੀ ਸਪਲਾਈ ਵਿਚ ਵੱਡੇ ਸੁਧਾਰ ਹੋਣਗੇ, ਕਿਉਂਕਿ ਲੋਡ ਵੱਧ ਹੋਣ ਨਾਲ ਲਾਇਨਾਂ, ਟਰਾਂਸਫਾਰਮਰ ਅਤੇ ਹੋਰ ਸਾਜ਼ੋ ਸਮਾਨ ਵੀ ਉਸ ਸਮਰੱਥਾ ਦੀ ਪੂਰਤੀ ਲਈ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ. ਸਕੱਤਰ ਸਿੰਘ ਬੱਲ, ਐਸ ਡੀ ਐਮ ਸ੍ਰੀ ਦੀਪਕ ਭਾਟੀਆ, ਵਧੀਕ ਨਿਗਰਾਨ ਇੰਜੀਨੀਅਰ ਸ. ਹਰਪ੍ਰੀਤ ਸਿੰਘ, ਇੰਜੀ ਏ ਪੀ ਐਸ ਉਭੀ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਕੈਪਸ਼ਨ
‘ਉਜਵਲ ਭਾਰਤ ਉਜਵਲ ਭਵਿੱਖ’ ਵਿਸ਼ੇ ਉਤੇ ਕਰਵਾਏ ਸਮਾਗਮ ਦੀਆਂ ਕੁੱਝ ਤਸਵੀਰਾਂ।