Punjab Government Announces Mask and Hand Sanitizer Essential Commodities – Deputy Commissioner
Publish Date : 22/03/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਸਰਕਾਰ ਵੱਲੋਂ ਮਾਸਕ ਤੇ ਹੈਂਡ ਸੈਨੇਟਾਈਜ਼ਰਜ ਜ਼ਰੂਰੀ ਵਸਤਾਂ ਕਰਾਰ-ਡਿਪਟੀ ਕਮਿਸ਼ਨਰ
ਤਰਨ ਤਾਰਨ, 22 ਮਾਰਚ :
ਨੋਵਲ ਕਰੋਨਾਵਾਇਰਸ (ਕੋਵਿਡ-19) ਫੈਲਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਸ਼ਨਿਚਰਵਾਰ ਨੂੰ ਮਾਸਕ (2 ਪਲਾਈ ਤੇ 3 ਪਲਾਈ ਸਰਜੀਕਲ ਮਾਸਕ, ਐਨ 95 ਮਾਸਕ) ਤੇ ਹੈਂਡ ਸੈਨੇਟਾਈਜ਼ਰਜ ਨੂੰ ਜਰੂਰੀ ਵਸਤਾਂ ਦੀ ਸੂਚੀ ‘ਚ ਸ਼ਾਮਲ ਕੀਤਾ ਹੈ, ਜਿਸ ਤਹਿਤ ਦੁਕਾਨਦਾਰਾਂ ਵੱਲੋਂ ਖਪਤਕਾਰਾਂ ਕੋਲੋਂ ਇਨਾਂ ਦੀ ਨਿਰਧਾਰਤ ਕੀਮਤ ਹੀ ਵਸੂਲੀ ਜਾ ਸਕੇਗੀ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਇਹ ਫੈਸਲਾ, ਕੋਵਿਡ-19 ਦੇ ਫੈਲਣ ਦੌਰਾਨ ਦੁਕਾਨਦਾਰਾਂ, ਸਟਾਕਿਸਟਾਂ, ਡੀਲਰਾਂ ਵੱਲੋਂ ਮਾਸਕਸ ਤੇ ਹੈਂਡ ਸੈਨੇਟਾਈਜਰਜ ਅਤੇ ਹੋਰ ਅਜਿਹੀਆਂ ਵਸਤਾਂ ਦੀ ਜਮਾਂਖੋਰੀ ਕੀਤੇ ਜਾਣ ਦੀਆਂ ਰਿਪੋਰਟਾਂ ਆਉਣ ਦਾ ਗੰਭੀਰ ਨੋਟਿਸ ਲੈਂਦਿਆਂ ਲਿਆ ਗਿਆ ਹੈ, ਕਿਉਂਕਿ ਅਜਿਹਾ ਹੋਣ ਨਾਲ ਇਨਾਂ ਵਸਤਾਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਰਹੀਆਂ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਕਮੋਡੀਟੀਜ ਪ੍ਰਾਈਸ ਮਾਰਕਿੰਗ ਐਂਡ ਡਿਸਪਲੇ ਕੰਟਰੋਲ ਆਰਡਰ, 1992, ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਾਸਕ (2 ਪਲਾਈ ਤੇ 3 ਪਲਾਈ ਸਰਜੀਕਲ ਮਾਸਕ, ਐੱਨ 95 ਮਾਸਕ) ਤੇ ਹੈਂਡ ਸੈਨੇਟਾਈਜ਼ਰਜ ਨੂੰ ਜ਼ਰੂਰੀ ਵਸਤਾਂ ਦੀ ਸੂਚੀ ‘ਚ ਸ਼ਾਮਲ ਕੀਤਾ ਹੈ।
ਉਹਨਾਂ ਕਿਹਾ ਕਿ ਜ਼ਿਲਾ ਖੁਰਾਕ ਤੇ ਸਿਵਲ ਸਪਲਾਈਜ ਕੰਟਰੋਲਰ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਵੈਂਡਰਾਂ, ਸਟਾਕਿਸਟਾਂ ਤੇ ਡੀਲਰਾਂ ਨੂੰ ਇਹ ਹੁਕਮ ਜਾਰੀ ਕਰਨ ਕਿ ਉਹ ਇਨ੍ਹਾਂ ਵਸਤਾਂ ਅਤੇ ਹੋਰ ਜ਼ਰੂਰੀ ਵਸਤਾਂ ਨੂੰ ਆਪਣੇ ਵਪਾਰਕ ਅਦਾਰੇ ਦੇ ਪ੍ਰਵੇਸ਼ ਨੇੜੇ ਆਪਣੇ ਕੰਮ ਦੇ ਸਮੇਂ ਦੌਰਾਨ ਪ੍ਰਦਰਸ਼ਤ ਕਰਨਗੇ ਅਤੇ ਇਨਾਂ ਦੀ ਨਿਰਧਾਰਤ ਕੀਮਤ ਸੂਚੀ ਵੀ ਗੁਰਮੁਖੀ ਅੱਖਰਾਂ ‘ਚ ਲਿਖਕੇ ਲਗਾਉਣੀ ਯਕੀਨੀ ਬਣਾਉਣਗੇ।
————–