Close

Punjab Government issues advisory on cleaning and maintenance of mobile phones in view of COVID-19: Deputy Commissioner

Publish Date : 21/05/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਮੋਬਾਈਲ ਫੋਨਾਂ ਦੀ ਸਫ਼ਾਈ ਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ-ਡਿਪਟੀ ਕਮਿਸ਼ਨਰ
ਤਰਨ ਤਾਰਨ, 20 ਮਈ :
ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਬਾਈਲ ਫੋਨਾਂ ਦੀ ਸਫ਼ਾਈ ਅਤੇ ਸੰਭਾਲ ਸਬੰਧੀ ਵਿਸਥਾਰਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਮੋਬਾਈਲ ਫੋਨ ਦੇ ਨਾਲ ਨਾਲ ਰਿਸੈਪਸ਼ਨ ਕਾਊਂਟਰ, ਮੇਜ਼ ਦੀ ਉੱਪਰਲੀ ਸਤਹਿ, ਦਰਵਾਜ਼ੇ ਦੇ ਹੈਂਡਲ, ਟਾਇਲਟ, ਕੀ-ਬੋਰਡ, ਮਾਊਸ, ਟੈਬਲੈਟਸ ਅਤੇ ਮੇਜ਼ ਸਭ ਤੋਂ ਵੱਧ ਛੂਹੀਆਂ ਜਾਣ ਵਾਲੀਆਂ ਵਸਤਾਂ ਹਨ।
ਉਨਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਮਹਾਂਮਾਰੀ ਦੇ ਸੰਕ੍ਰਮਣ ਨੂੰ ਰੋਕਣ ਲਈ ਕੰਮ ਵਾਲੇ ਸਥਾਨਾਂ/ਦਫ਼ਤਰਾਂ ਦੀ ਸਫ਼ਾਈ ਅਤੇ ਚਿਹਰਾ/ਮੂੰਹ ਨਾ ਛੂਹਣ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਮੋਬਾਈਲ ਫੋਨ ਵਾਇਰਸ ਦੇ ਫ਼ੈਲਾਅ ਦਾ ਸੰਭਾਵੀਂ ਕਾਰਨ ਹੋ ਸਕਦਾ ਹੈ ਜੋ ਸਿੱਧੇ ਹੀ ਵਰਤੋਂ ਕਰਨ ਵਾਲੇ ਵਿਅਕਤੀ ਦੇ ਚਿਹਰੇ ਤੇ ਮੂੰਹ ਦੇ ਸੰਪਰਕ ਵਿੱਚ ਆਉਂਦਾ ਹੈ। ਭਾਵੇਂ ਹੱਥ ਨਿਯਮਿਤ ਤਰੀਕੇ ਨਾਲ ਧੋਤੇ ਤੇ ਸਾਫ਼ ਕੀਤੇ ਹੋਣ ਪਰ ਇਹ ਸੰਕ੍ਰਮਣ ਦਾ ਇੱਕ ਸੰਭਾਵਿਤ ਸਰੋਤ ਹੋ ਸਕਦਾ ਹੈ।
ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਮੋਬਾਈਲ `ਤੇ ਜੇਕਰ ਬਹੁਤ ਜ਼ਰੂਰੀ ਗੱਲਬਾਤ ਕਰਨੀ ਪੈਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਹੱਥਾਂ ਨੂੰ ਨਿਯਮਿਤ ਤਰੀਕੇ ਨਾਲ ਸਾਬਣ ਤੇ ਪਾਣੀ ਨਾਲ ਧੋਵੋ ਜਾਂ 70 ਪ੍ਰਤੀਸ਼ਤ ਆਈਸੋਪ੍ਰੋਪਾਈਲ ਅਲਕੋਹਲ ਯੁਕਤ ਸੈਨੀਟਾਈਜ਼ਰ ਨਾਲ ਸੈਨੇਟਾਈਜ਼ ਕਰੋ। ਮੋਬਾਈਲ ਫੋਨ ਨੂੰ ਕਿਸੇ ਹੋਰ ਸਤਹਿ `ਤੇ ਰੱਖਣ ਤੋਂ ਪਰਹੇਜ਼ ਕਰੋ। ਮੋਬਾਈਲ ਫੋਨ ਅਤੇ ਆਪਣੇ ਚਿਹਰੇ/ਮੂੰਹ ਵਿਚਕਾਰ ਸਿੱਧਾ ਸੰਪਰਕ ਹੋਣ ਤੋਂ ਰੋਕਣ ਲਈ ਹੈੱਡਫੋਨ/ਹੈੱਡਸੈੱਟ (ਤਾਰ ਵਾਲੇ/ਬਿਨਾਂ ਤਾਰ ਵਾਲੇ) ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਸੰਭਵ ਹੋਵੇ ਤਾਂ ਮੋਬਾਈਨ ਫੋਨ ਦੀ ਸਪੀਕਰ ਫੋਨ `ਤੇ ਵਰਤੋਂ ਕਰੋ। ਜੇਕਰ ਹੈੱਡਫੋਨ/ਹੈੱਡਸੈੱਟ ਉਪਲੱਬਧ ਨਹੀਂ ਹਨ ਤਾਂ ਸਪੀਕਰ ਫੋਨ ਦੀ ਵਰਤੋਂ ਉਨਾਂ ਦੇ ਬਦਲ ਵਜੋਂ ਕੀਤੀ ਜਾ ਸਕਦੀ ਹੈ। ਆਪਣਾ ਮੋਬਾਈਲ ਫੋਨ/ਹੈੱਡਫੋਨ/ਹੈੱਡਸੈੱਟ ਕਿਸੇ ਹੋਰ ਨਾਲ ਸਾਂਝਾ ਨਾ ਕਰੋ।
ਉਹਨਾਂ ਅੱਗੇ ਕਿਹਾ ਕਿ ਦਫ਼ਤਰਾਂ ਵਿੱਚ ਮੋਬਾਈਲ ਫੋਨ ਦੀ ਵਰਤੋਂ ਦੀ ਬਜਾਏ ਇੰਟਰਕਾਮ ਦੀ ਸੁਵਿਧਾ ਨੂੰ ਪਹਿਲ ਦਿੱਤੀ ਜਾਵੇ। ਹਾਲਾਂਕਿ ਇੰਟਰਕਾਮ ਨੂੰ ਰੋਜ਼ਾਨਾ ਡਿਸਇਨਫੈਕਟ ਕੀਤਾ ਜਾਵੇ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਮੋਬਾਈਲ ਨਾਲ ਸਬੰਧਤ ਯੂਜ਼ਰ ਸੁਪੋਰਟ ਗਾਈਡਲਾਈਨਜ਼ ਨੂੰ ਧਿਆਨ ਨਾਲ ਪੜਿਆ ਜਾਵੇ ਅਤੇ ਸਬੰਧਤ ਮੋਬਾਈਲ ਕੰਪਨੀ ਦੀ ਵੈੱਬਸਾਈਟ `ਤੇ ਜਾ ਕੇ ਇਨਾਂ ਗਾਈਡਲਾਈਨਜ਼ (ਦਿਸ਼ਾ-ਨਿਰਦੇਸ਼ਾਂ) ਦਾ ਅਪਡੇਟਡ ਵਰਜ਼ਨ ਦੇਖਿਆ ਜਾਵੇ। ਐਪਲ ਅਤੇ ਸੈਮਸੰਗ ਦੋਵਾਂ ਕੰਪਨੀਆਂ ਨੇ ਆਪਣੀ ਯੂਜ਼ਰ ਗਾਈਡਲਾਈਨ ਨੂੰ ਅਪਡੇਟ ਕੀਤਾ ਹੈ, ਜਿਸ ਅਨੁਸਾਰ 70 ਪ੍ਰਤੀਸ਼ਤ ਆਈਸੋਪ੍ਰੋਪਾਈਲ ਅਲਕੋਹਲ ਜਾਂ ਕਲੋਰੌਕਸ ਡਿਸਇਨਫੈਕਟਿੰਗ ਵਾਈਪਸ ਨਾਲ ਸਵਿੱਚ ਆਫ਼ ਮੋਡ `ਤੇ ਮੋਬਾਈਲ ਫੋਨ ਦੀ ਸਤਹਿ ਨੂੰ ਸਾਫ਼ ਕੀਤਾ ਜਾ ਸਕਦਾ ਹੈ।
ਮੋਬਾਈਲ ਫੋਨ ਦੀ ਸਤਹਿ ਸਾਫ਼ ਕਰਨ ਲਈ ਲੜੀਵਾਰ ਪ੍ਰਕਿਰਿਆ ਸਬੰਧੀ ਉਹਨਾਂ ਕਿਹਾ ਕਿ ਸਫ਼ਾਈ ਤੋਂ ਪਹਿਲਾਂ ਫੋਨ ਨੂੰ ਬੰਦ ਕਰੋ ਅਤੇ ਜੇਕਰ ਇਸ ਨਾਲ ਕੋਈ ਕਵਰ, ਸਾਮਾਨ ਅਤੇ ਤਾਰਾਂ ਹਨ ਤਾਂ ਉਨਾਂ ਨੂੰ ਉਤਾਰ ਦਿਉ। ਡਿਵਾਇਸ ਦੀ ਸਤਹਿ ਸਾਫ਼ ਕਰਨ ਲਈ ਇੱਕ ਨਰਮ, ਬਿਨਾਂ ਬੁਰ ਤੋਂ, ਵਾਟਰ ਪਰੂਫ਼ ਵਾਈਪ ਦੀ ਵਰਤੋਂ ਕਰੋ (ਜਿਵੇਂ ਕਿ ਕੈਮਰਾ ਲੈਂਸ ਵਾਈਪ ਆਦਿ)। ਸਫ਼ਾਈ ਵਾਲੇ ਕੱਪੜੇ ਦੇ ਕੋਨੇ ਨੂੰ ਆਈਸੋਪ੍ਰੋਪਾਈਲ ਅਲਕੋਹਲ ਜਾਂ ਕਲੋਰੌਕਸ ਡਿਸਇਨਫੈਕਟ ਦੀ ਥੋੜੀ ਮਾਤਰਾ ਨਾਲ ਗਿੱਲਾ ਕਰੋ ਅਤੇ ਫ਼ੋਨ ਦੇ ਅਗਲੇ ਤੇ ਪਿਛਲੇ ਹਿੱਸੇ ਨੂੰ ਚੰਗੀ ਤਰਾਂ ਸਾਫ਼ ਕਰੋ।
ਇਸ ਦੌਰਾਨ ਬਲੀਚ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਕਿਸੇ ਵੀ ਖੁੱਲੀ ਜਗਾ ਤੋਂ ਨਮੀ ਨੂੰ ਅੰਦਰ ਜਾਣ ਤੋਂ ਰੋਕਿਆ ਜਾਵੇ। ਕੋਈ ਵੀ ਸਖ਼ਤ ਕੈਮੀਕਲ ਓਲੀਓਫੋਬਿਕ ਸਕਰੀਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜੋ ਕਿ ਅੱਗੇ ਫੋਨ ਦੀ ਟੱਚ ਸਕਰੀਨ ਦੀ ਸੈਂਸਟੀਵਿਟੀ ਨੂੰ ਖ਼ਰਾਬ ਕਰ ਸਕਦੀ ਹੈ। ਫੋਨ ਦੀ ਸਕਰੀਨ ਉੱਪਰ ਕੰਪਰੈਸਰ ਜਾਂ ਬਲੀਚ ਦੀ ਸਿੱਧੇ ਤੌਰ `ਤੇ ਵਰਤੋਂ ਨਾ ਕਰੋ।
———–