Punjab Government issues advisory to petrol pump operators on prevention of Covid-19: Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਸਰਕਾਰ ਨੇ ਪੈਟਰੋਲ ਪੰਪ ਅਪਰੇਟਰਾਂ ਨੂੰ ਕੋਵਿਡ-19 ਦੀ ਰੋਕਥਾਮ ਸਬੰਧੀ ਜਾਰੀ ਕੀਤੀ ਐਡਵਾਇਜ਼ਰੀ-ਡਿਪਟੀ ਕਮਿਸ਼ਨਰ
ਸਵੱਛਤਾ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ੍ਹ ਪਾਲਣਾ ਕਰਨ ਦੀ ਕੀਤੀ ਹਦਾਇਤ
ਤਰਨ ਤਾਰਨ, 1 ਮਈ :
ਕੋਰੋਨਾ ਵਾਇਰਸ ਮਹਾਂਮਾਰੀ ਨੂੰ ਠੱਲ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਸਰਕਾਰ ਨੇ ਪੈਟਰੋਲ ਪੰਪ ਪ੍ਰਬੰਧਕਾਂ ਅਤੇ ਅਪਰੇਟਰਾਂ ਨੂੰ ਫਿਲਿੰਗ ਸਟੇਸ਼ਨਾਂ ਨੂੰ ਸਾਫ, ਸਵੱਛ ਅਤੇ ਰੋਗਾਣੂ-ਮੁਕਤ ਰੱਖਣ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਸਰਕਾਰ ਨੇ ਪੈਟਰੋਲ ਪੰਪ ਪ੍ਰਬੰਧਕਾਂ / ਅਪਰੇਟਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਰਫ ਲੋੜੀਂਦੇ ਸਟਾਫ ਦੀ ਤਾਇਨਾਤੀ ਕਰਨ ਜਾਂ ਸਟਾਫ ਨੂੰ ਸ਼ਿਫਟਾਂ ਵਿਚ ਬੁਲਾਇਆ ਜਾਵੇ ਤਾਂ ਜੋ ਸਟਾਫ ਦੀ ਇਕੱਤਰਤਾ ਹੋਣ ਤੋਂ ਰੋਕੀ ਜਾ ਸਕੇ।
ਉੁਹਨਾਂ ਕਿਹਾ ਹੈ ਕਿ ਤੇਜ਼ ਬੁਖਾਰ/ਖੰਘ/ਛਿੱਕਾਂ, ਸਾਹ ਲੈਣ ਵਿੱਚ ਤਕਲੀਫ਼ ਤੋਂ ਪੀੜਤ ਕਰਮਚਾਰੀ ਨੂੰ ਸਵੈ-ਇੱਛਾ ਨਾਲ ਇਸ ਦੀ ਰਿਪੋਰਟ ਪੈਟਰੋਲ ਪੰਪ ਦੇ ਮੈਨੇਜਰ ਨੂੰ ਦੇਣੀ ਚਾਹੀਦੀ ਹੈ ਅਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।ਇਸ ਤੋਂ ਇਲਾਵਾ ਮਜ਼ਦੂਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇੱਕ ਦੂਜੇ ਨੂੰ ਵਧਾਈ ਦੇਣ / ਮਿਲਣ ਸਮੇਂ ਹੱਥ ਨਾ ਮਿਲਾਉਣ ਅਤੇ ਜੱਫੀ ਨਾ ਪਾਉਣ।
ਪੈਟਰੋਲ ਪੰਪ ਮਾਲਕਾਂ ਨੂੰ ਜਾਰੀ ਸਲਾਹ ਅਨੁਸਾਰ ਉਹ ਸਟਾਫ਼ / ਵਰਕਰਾਂ ਅਤੇ ਆਉਣ ਵਾਲੇ ਗਾਹਕਾਂ ਲਈ ਪੈਰ ਨਾਲ ਚੱਲਣ ਵਾਲੀ ਹੱਥ ਧੋਣ ਵਾਲੀ ਮਸ਼ੀਨ ਦਾ ਬੰਦੋਬਸਤ ਕਰਨ।ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕੀਤੇ ਜਾਣ ਦੇ ਮੱਦੇਨਜ਼ਰ ਅਜਿਹੀਆਂ ਹੱਥ ਧੋਣ ਵਾਲੀਆਂ ਮਸ਼ੀਨਾ ਦੇ ਅੱਗੇ ਨਿਰਧਾਰਤ ਦੂਰੀ ਮੁਤਾਬਕ ਚੱਕਰ ਲਗਾਏ ਜਾਣ ਤਾਂ ਜੋ ਘੱਟੋ ਘੱਟ 1 ਮੀਟਰ ਦੀ ਦੂਰੀ ਬਰਕਰਾਰ ਰੱਖੀ ਜਾ ਸਕੇ।
ਉਨ੍ਹਾਂ ਕਿਹਾ ਕਿ ਅਲਕੋਹਲ ਅਧਾਰਤ ਸੈਨੀਟਾਈਜ਼ਰ (ਘੱਟੋ ਘੱਟ 70% ਈਥਾਈਲ ਅਲਕੋਹਲ ਵਾਲਾ) ਸਟਾਫ / ਕਰਮਚਾਰੀਆਂ ਲਈ ਪੈਟਰੋਲ ਪੰਪਾਂ `ਤੇ ਲਗਾਇਆ ਜਾਣਾ ਚਾਹੀਦਾ ਹੈ। ਘੱਟੋ-ਘੱਟ 3 ਐਮਐਲ ਸੈਨੀਟਾਈਜ਼ਰ (ਲਗਭਗ 2 ਵਾਰ ਦਬਾ ਕੇ ਕੱਢੋ) ਸੁੱਕੇ ਹੱਥਾਂ ਤੇ ਲਗਾਓ ਅਤੇ ਘੱਟੋ-ਘੱਟ 30 ਸੈਕਿੰਡ ਤੱਕ ਮਲ ਕੇ ਹੱਥ ਧੋਤੇ ਜਾਣ।ਮਾਲਕ / ਸਟਾਫ / ਕਰਮਚਾਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਘਰ ਤੋਂ ਬਾਹਰ ਨਿਕਲਣ ਤੋਂ ਲੈ ਕੇ ਵਾਪਸ ਘਰ ਵਿਚ ਦਾਖਲ ਹੋਣ ਤੱਕ ਕੱਪੜੇ ਦਾ ਮਾਸਕ ਪਹਿਨ ਕੇ ਰੱਖਣ।
“ਸਟਾਫ / ਵਰਕਰਾਂ ਨੂੰ ਚਾਹ-ਬਰੇਕ / ਦੁਪਹਿਰ ਦੇ ਖਾਣੇ ਦੀ ਬਰੇਕ ਦੇ ਸਮੇਂ ਖਾਣ ਪੀਣ ਦੀਆਂ ਚੀਜ਼ਾ ਨੂੰ ਛੂਹਣ ਤੋਂ ਪਹਿਲਾਂ ਨਿਰਧਾਰਤ ਢੰਗ ਮੁਤਾਬਕ ਹੱਥ ਧੋਣ / ਰੋਗਾਣੂ-ਮੁਕਤ ਕਰਨ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ।
ਉਨਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਬਿਨਾਂ ਮਤਲਬ ਤੋਂ ਇੱਧਰ ਉੱਧਰ ਨਾ ਘੁੰਮਣ ਅਤੇ ਪੈਟਰੋਲ ਪੰਪਾਂ `ਤੇ ਕਿਸੇ ਸਤਹ,ਉਪਕਰਣ ਆਦਿ ਨੂੰ ਛੂਹਣ ਤੋਂ ਬਚਣ। ਕਰਮਚਾਰੀ ਨੂੰ ਤੰਬਾਕੂ ਅਧਾਰਤ ਉਤਪਾਦਾਂ ਜਿਵੇਂ ਗੁਟਕਾ, ਪਾਨ ਮਸਾਲਾ ਆਦਿ ਦਾ ਸੇਵਨ ਨਾ ਕੀਤਾ ਜਾਵੇ। ਖਾਂਸੀ / ਛਿੱਕਾਂ ਆਉਣ ਦੀ ਸਥਿਤੀ ਵਿੱਚ ਅਮਲੇ / ਕਰਮਚਾਰੀ ਨੂੰ ਰੁਮਾਲ ਦੀ ਵਰਤੋਂ ਕਰਨੀ ਚਾਹੀਦੀ ਹੈ।
ਐਡਵਾਈਜ਼ਰੀ ਵਿਚ ਅੱਗੇ ਕਿਹਾ ਗਿਆ ਹੈ ਕਿ ਜੇ ਕਿਸੇ ਕਰਮਚਾਰੀ ਕੋਲ ਰੁਮਾਲ ਨਹੀਂ ਹੈ ਅਤੇ ਉਸਨੂੰ ਖੰਘ /ਛਿੱਕ ਆ ਰਹੀ ਹੋਵੇ ਤਾਂ ਉਸਨੂੰ ਮੂੰਹ ਝੁਕਾ ਕੇ ਕੂਹਣੀ ਵਿੱਚ ਖੰਘ /ਛਿੱਕ ਲੈਣਾ ਚਾਹੀਦਾ ਹੈ। ਪੈਟਰੋਲ ਪੰਪ ਦੇ ਮਾਲਕ / ਮੈਨੇਜਰ ਸਹੀ ਅਤੇ ਪ੍ਰਮਾਣਿਕ ਜਾਣਕਾਰੀ ਹਾਸਲ ਕਰਨ ਲਈ ਸਟਾਫ / ਕਰਮਚਾਰੀਆਂ ਨੂੰ “ਕੋਵਾ ਐਪ” ਡਾਊਨਲੋਡ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਨ।
ਰਾਜ ਸਰਕਾਰ ਨੇ ਪੈਟਰੋਲ ਪੰਪਾਂ ਨੂੰ ਕੀਟਾਣੂ-ਮੁਕਤ ਕਰਨ ਸਬੰਧੀ ਵੀ ਦਿਸ਼ਾ-ਨਿਰਦੇਸ਼ ਦਿੱਤੇ ਹਨ ਜਿਸ ਤਹਿਤ ਦਫਤਰੀ ਕੰਮਕਾਜ ਸ਼ੁਰੂ ਹੋਣ ਤੋਂ ਪਹਿਲਾਂ ਸਵੇਰੇ ਸੁਵਖ਼ਤੇ ਜਾਂ ਕੰਮਕਾਜ ਖ਼ਤਮ ਹੋਣ ਪਿੱਛੋਂ ਸ਼ਾਮ ਨੂੰ ਅੰਦਰਲੇ ਕਮਰਿਆਂ ਦੀ ਸਫਾਈ ਕੀਤੀ ਜਾਣੀ ਚਾਹੀਦੀ ਹੈ। ਬਾਹਰੀ ਇਲਾਕਿਆਂ ਵਿੱਚ ਅੰਦਰੂਨੀ ਖੇਤਰਾਂ ਦੇ ਮੁਕਾਬਲੇ ਖ਼ਤਰਾ ਘੱਟ ਹੁੰਦਾ ਹੈ ਪਰ ਉਹਨਾਂ ਨੂੰ ਵੀ ਨਿਰਧਾਰਤ ਵਿਧੀ ਅਨੁਸਾਰ ਸਾਵਧਾਨੀ ਨਾਲ ਸਾਫ਼ ਕਰਨਾ ਲਾਜ਼ਮੀ ਹੈ। ਸਫਾਈ ਕਰਮਚਾਰੀਆਂ ਨੂੰ ਪਖਾਨਿਆਂ ਲਈ ਸਾਫ ਸਫਾਈ ਉਪਕਰਣਾਂ ਦੇ ਵੱਖਰੇ ਸੈਟ (ਮੌਪਸ, ਨਾਈਲੋਨ ਸਕ੍ਰਬਰ) ਅਤੇ ਸਿੰਕ ਅਤੇ ਕਮੋਡ ਲਈ ਵੱਖਰਾ ਸੈੱਟ ਦੀ ਵਰਤੋਂ ਕਰਨੀ ਚਾਹੀਦੀ ਹੈ। ਟਾਇਲਟ ਦੀ ਸਫਾਈ ਕਰਦਿਆਂ ਉਨਾਂ ਨੂੰ ਹਮੇਸ਼ਾਂ ਡਿਸਪੋਜੇਬਲ ਸੁਰੱਿਖਅਤ ਦਸਤਾਨੇ ਪਹਿਨਣੇ ਚਾਹੀਦੇ ਹਨ।
ਪੈਟਰੋਲ ਪੰਪ ਪ੍ਰਬੰਧਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਐਂਟਰੀ ਪੁਆਇੰਟਾਂ `ਤੇ ਵਾਹਨ ਚਾਲਕਾਂ ਲਈ ਹੱਥਾਂ ਨੂੰ ਸਾਫ ਕਰਨ ਦੀ ਸੁਵਿਧਾ ਉਪਲਬਧ ਕਰਨ। ਵਾਹਨਾਂ ਦੇ ਰੋਗਾਣੂ-ਮੁਕਤ ਕਰਨ ਦੀ ਸਹੂਲਤ ਅਦਾਇਗੀ ਦੇ ਅਧਾਰ ਤੇ ਵੀ ਵਿਚਾਰੀ ਜਾ ਸਕਦੀ ਹੈ।ਜੇਕਰ ਪੈਟਰੋਲ / ਡੀਜ਼ਲ ਟੈਂਕੀ ਨੂੰ ਚਾਬੀ ਰਾਹੀਂ ਖੋਲਿਆ ਜਾਂਦਾ ਹੈ ਤਾਂ ਤੇਲ ਪਾਉਣ ਵਾਲੇ ਕਰਮਚਾਰੀ ਨੂੰ ਚਾਬੀ ਵਰਤਣ ਤੋਂ ਤੁਰੰਤ ਬਾਅਦ ਆਪਣੇ ਹੱਥਾਂ ਨੂੰ ਧੋਣਾ ਜਾਂ ਸਾਫ ਕਰਨਾ ਚਾਹੀਦਾ ਹੈ। ਪੈਟਰੋਲ ਪੰਪਾਂ ਨੂੰ ਡਿਜੀਟਲ ਲੈਣ-ਦੇਣ ਵੱਧ ਤੋਂ ਵੱਧ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਕਰਮਚਾਰੀਆਂ ਨੂੰ ਕਿਸੇ ਵੀ ਨਕਦ ਲੈਣ-ਦੇਣ ਤੋਂ ਪਹਿਲਾਂ ਅਤੇ ਬਾਅਦ ਵਿਚ ਤੁਰੰਤ ਆਪਣੇ ਹੱਥਾਂ ਨੂੰ ਸਾਫ਼ ਕਰਨਾ ਚਾਹੀਦਾ ਹੈ।
“ਜੇ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਸਨੂੰ ਹੈਲਪਲਾਈਨ ਨੰਬਰ 104 / ਸਟੇਟ ਕੰਟਰੋਲ ਰੂਮ ਨੰਬਰ 01722920074/08872090029` ਤੇ ਰਿਪੋਰਟ ਕਰਨੀ ਚਾਹੀਦੀ ਹੈ ਤਾਂ ਜੋ ਡਾਕਟਰੀ ਸਹੂਲਤ ਲਈ ਹੋਰ ਲੋੜੀਂਦੀ ਕਾਰਵਾਈ ਕਰਨ ਸਬੰਧੀ ਸਹਾਇਤਾ ਕੀਤੀ ਜਾ ਸਕੇ।
———–