Punjab Government released an amount of 14 crore 48 lakh 91 thousand rupees for the beneficiaries of District Tarn Taran under Ashirwad Scheme-Deputy Commissioner
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ ਜ਼ਿਲਾ ਤਰਨ ਤਾਰਨ ਦੇ ਲਾਭਪਾਤਰੀਆਂ ਲਈ 14 ਕਰੋੜ 48 ਲੱਖ 91 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ-ਡਿਪਟੀ ਕਮਿਸ਼ਨਰ
ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ, ਆਰਥਿਕ ਪੱਖੋਂ ਕਮਜ਼ੋਰ ਅਤੇ ਘੱਟ ਗਿਣਤੀ ਵਰਗ 2841 ਲਾਭਪਾਤਰੀਆਂ ਨੂੰ ਮਿਲਿਆ ਲਾਭ
ਅਸ਼ੀਰਵਾਦ ਸਕੀਮ ਲਈ ਅਰਜ਼ੀ ਪ੍ਰਕਿਰਿਆ ਨੂੰ ਆਸਾਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਆਨਲਾਈਨ ਪੋਰਟਲ ‘ਤੇ ਬਿਨੈ ਕਰਨ ਦੀ ਸਹੂਲਤ ਸ਼ੁਰੂ-ਸ੍ਰੀ ਬਿਕਰਮਜੀਤ ਸਿੰਘ ਪੁਰੇਵਾਲ
ਤਰਨ ਤਾਰਨ, 28 ਜੂਨ :
ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਆਰੰਭ ਕੀਤੇ ਗਏ ਯਤਨਾਂ ਤਹਿਤ ਜ਼ਿਲਾ ਤਰਨ ਤਾਰਨ ਦੇ ਲਾਭਪਾਤਰੀਆਂ ਲਈ ਮਹੀਨਾ ਜਨਵਰੀ, 2022 ਤੋਂ ਦਸੰਬਰ 2022 ਤੱਕ ਦੇ ਪ੍ਰਾਪਤ ਕੇਸਾਂ ਦੇ 2841 ਲਾਭਪਾਤਰੀਆਂ ਨੂੰ 14 ਕਰੋੜ 48 ਲੱਖ 91 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਜਨਵਰੀ 2022 ਤੋਂ ਦਸੰਬਰ 2022 ਤੱਕ ਅਸ਼ੀਰਵਾਦ ਸਕੀਮ ਤਹਿਤ ਪ੍ਰਾਪਤ 2841 ਕੇਸਾਂ ਦੇ ਲਾਭਪਾਤਰੀਆਂ ਨੂੰ ਇਸ ਰਾਸ਼ੀ ਦੀ ਅਦਾਇਗੀ ਆਨਲਾਈਨ ਮੈਨੇਜਮੈਂਟ ਸਿਸਟਮ ਰਾਹੀਂ ਸਿੱਧੇ ਉਹਨਾਂ ਦੇ ਬੈਂਕ ਖਾਤਿਆ ਵਿੱਚ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹੀਨਾ ਮਈ 2022 ਤੋਂ ਦਸੰਬਰ 2022 ਤੱਕ ਪ੍ਰਾਪਤ ਕੇਸਾਂ ਦੇ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ 1687 ਲਾਭਪਾਤਰੀਆਂ ਨੂੰ 08 ਕਰੋੜ 60 ਲੱਖ 37 ਹਜ਼ਾਰ ਰੁਪਏ ਦੀ ਰਾਸ਼ੀ ਦੀ ਅਦਾਇਗੀ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਪੱਛੜੀਆਂ ਸ੍ਰੇਣੀਆਂ, ਘੱਟ ਗਿਣਤੀ ਵਰਗ ਅਤੇ ਆਰਥਿਕ ਪੱਖੋਂ ਕਮਜ਼ੋਰ 1154 ਲਾਭਪਾਤਰੀਆਂ ਨੂੰ ਅਪ੍ਰੈਲ 2022 ਤੋਂ ਦਸੰਬਰ 2022 ਤੱਕ ਪ੍ਰਾਪਤ ਕੇਸਾਂ ਅਨੁਸਾਰ 5 ਕਰੋੜ 88 ਲੱਖ 54 ਹਜ਼ਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਰਾਸ਼ੀ ਸਿੱਧੇ ਤੌਰ ‘ਤੇ ਡੀ. ਬੀ. ਟੀ. ਮੋਡ ਰਾਹੀਂ ਉਨਾਂ ਦੇ ਨਿੱਜੀ ਬੈਂਕ ਖਾਤਿਆਂ ਵਿੱਚ ਭੇਜੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਹੀਨਾ ਨਵੰਬਰ ਅਤੇ ਦਸੰਬਰ 2022 ਦੇ ਬਕਾਇਆ 400 ਕੇਸਾਂ ਦੇ ਲਾਭਪਾਤਰੀਆਂ ਨੂੰ ਵੀ ਜਲਦੀ ਤੋਂ ਜਲਦੀ ਅਦਾਇਗੀ ਕੀਤੀ ਜਾ ਰਹੀ ਹੈ।ਉਹਨਾਂ ਦੱਸਿਆ ਕਿ ਮਹੀਨਾ ਜਨਵਰੀ, ਫਰਵਰੀ ਅਤੇ ਮਾਰਚ, 2023 ਦੌਰਾਨ ਆਸ਼ੀਰਵਾਦ ਸਕੀਮ ਤਹਿਤ 1068 ਕੇਸ ਪ੍ਰਾਪਤ ਹੋਏ ਹਨ, ਜੋ ਕਿ ਅਦਾਇਗੀ ਲਈ ਮੁੱਖ ਦਫ਼ਤਰ ਨੂੰ ਭੇਜੇ ਗਏ ਹਨ।
ਜ਼ਿਲਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਤਰਨ ਤਾਰਨ ਸ੍ਰੀ ਬਿਕਰਮਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅਸ਼ੀਰਵਾਦ ਸਕੀਮ ਲਈ ਅਰਜ਼ੀ ਪ੍ਰਕਿਰਿਆ ਨੂੰ ਆਸਾਨ ਕਰਦਿਆਂ ਆਨਲਾਈਨ ਪੋਰਟਲ ‘ਤੇ ਬਿਨੈ ਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ http://ashirwad.punjab.gov.in ‘ਤੇ ਅਰਜ਼ੀ ਆਨਲਾਈਨ ਭਰੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਆਨਲਾਈਨ ਪੋਰਟਲ ‘ਤੇ 01 ਅਪ੍ਰੈਲ 2023 ਤੋਂ ਸਕੀਮ ਦਾ ਲਾਭ ਲੈਣ ਦੇ ਚਾਹਵਾਨ ਲਾਭਪਾਤਰੀ ਅਰਜ਼ੀ ਦੇ ਨਾਲ ਸਾਰੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਘਰ ਬੈਠਿਆਂ ਹੀ ਅਪਲਾਈ ਕਰ ਸਕਦੇ ਹਨ। ਲਾਭਪਾਤਰੀ ਆਪਣੀ ਲੜਕੀ ਦੇ ਵਿਆਹ ਦੀ ਮਿਤੀ ਤੋਂ ਇੱਕ ਮਹੀਨਾ ਪਹਿਲਾਂ ਅਤੇ ਇੱਕ ਮਹੀਨਾ ਬਾਅਦ ਆਨਲਾਈਨ ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ।