Close

Punjab’s war on drugs enters decisive phase: Trial of cutting-edge anti-drone technology at Nowshera Dhala to tackle narco-terrorism from across the border

Publish Date : 24/03/2025

ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ

 

ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜੰਗ ਫ਼ੈਸਲਾਕੁੰਨ ਦੌਰ ‘ਚ: ਸਰਹੱਦ ਪਾਰੋਂ ਨਾਰਕੋ-ਅੱਤਵਾਦ ਨਾਲ ਨਜਿੱਠਣ ਲਈ ਨੌਸ਼ਹਿਰਾ ਢਾਲਾ ਵਿਖੇ ਅਤਿ-ਆਧੁਨਿਕ ਐਂਟੀ-ਡਰੋਨ ਟੈਕਨਾਲੋਜੀ ਦਾ ਟਰਾਇਲ

 

  • ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਲਾਲਜੀਤ ਸਿੰਘ ਭੁੱਲਰ ਨੇ ਟਰਾਇਲ ਮੌਕੇ ਕੀਤੀ ਸ਼ਿਰਕਤ, ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸੂਬੇ ਦੀ ਵਚਨਬੱਧਤਾ ਦੁਹਰਾਈ

 

  • ਚੁਣੌਤੀਪੂਰਨ ਸਰਹੱਦੀ ਸਥਿਤੀਆਂ ਵਿੱਚ ਤਕਨਾਲੋਜੀ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਅਸਲ ਪ੍ਰਸਥਿਤੀਆਂ ਵਿੱਚ ਕੀਤਾ ਗਿਆ ਇਹ ਟਰਾਇਲ: ਅਮਨ ਅਰੋੜਾ

 

  • ਸਰਹੱਦ ਪਾਰੋਂ ਨਾਰਕੋ-ਅੱਤਵਾਦ ਦੀ ਚੁਣੌਤੀ ਨਾਲ ਨਜਿੱਠਣ ਲਈ ਪੰਜਾਬ ਦੁਨੀਆ ਦੀ ਸਭ ਤੋਂ ਉੱਨਤ ਐਂਟੀ-ਡਰੋਨ ਤਕਨੀਕ ਕਰੇਗਾ ਹਾਸਲ: ਅਮਨ ਅਰੋੜਾ

 

ਤਰਨ ਤਾਰਨ, 19 ਮਾਰਚ:

 

ਸੂਬੇ ਵਿੱਚ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਵਿੱਢੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦਰਮਿਆਨ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਅਤੇ ਨਾਰਕੋ-ਅੱਤਵਾਦ ਨਾਲ ਨਜਿੱਠਣ ਲਈ ਫੈਸਲਾਕੁੰਨ ਕਦਮ ਚੁੱਕਦਿਆਂ ਪੰਜਾਬ ਸਰਕਾਰ ਵੱਲੋਂ ਅੱਜ ਤਰਨ ਤਾਰਨ ਜ਼ਿਲ੍ਹੇ ਦੇ ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡ ਨੌਸ਼ਹਿਰਾ ਢਾਲਾ ਵਿੱਚ ਗਰਾਊਂਡ ਜ਼ੀਰੋ ’ਤੇ ਆਧੁਨਿਕ ਐਂਟੀ ਡਰੋਨ ਤਕਨੀਕ ਦਾ ਟਰਾਇਲ ਕੀਤਾ ਗਿਆ। ਪਿਛਲੇ ਦੋ ਸਾਲਾਂ ਵਿੱਚ ਡਰੋਨ ਗਤੀਵਿਧੀਆਂ ਅਤੇ ਸਰਹੱਦ ਪਾਰੋਂ ਤਸਕਰੀ ਦੇ ਹੌਟਸਪੌਟ ਬਣੇ ਸਰਾਏ ਅਮਾਨਤ ਖਾਨ ਖੇਤਰ ਵਿੱਚ ਕੀਤਾ ਗਿਆ ਇਹ ਟਰਾਇਲ ਪੰਜਾਬ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਨੂੰ ਦਰਸਾਉਂਦਾ ਹੈ।

 

ਇਸ ਟਰਾਇਲ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਅਤੇ ਜੇਲ੍ਹ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਸਮੇਤ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਮੌਜੂਦ ਸਨ ਅਤੇ ਇਹ ਟਰਾਇਲ 4 ਅਤੇ 5 ਮਾਰਚ, 2025 ਨੂੰ ਐਸ.ਏ.ਐਸ ਨਗਰ, ਮੋਹਾਲੀ ਵਿਖੇ ਕੀਤੇ ਗਏ ਪ੍ਰਦਰਸ਼ਨਾਂ ਨੂੰ ਜਾਰੀ ਰੱਖਦਿਆਂ ਕੀਤਾ ਗਿਆ ਹੈ।

 

ਟਰਾਇਲ ਉਪਰੰਤ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਦਾ ਉਦੇਸ਼ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਡਰੋਨ ਅਧਾਰਤ ਤਸਕਰੀ ਦੇ ਵਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਤਿਆਰ ਕੀਤੇ ਗਏ ਅਤਿ ਆਧੁਨਿਕ ਐਂਟੀ ਡਰੋਨ ਸਿਸਟਮ ਦਾ ਵਿਸ਼ਲੇਸ਼ਣ ਕਰਨਾ ਸੀ।

 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ, ਜਿਸ ਨੂੰ ਪਿਛਲੀਆਂ ਸਰਕਾਰਾਂ ਹੱਲ ਕਰਨ ਵਿੱਚ ਅਸਫ਼ਲ ਰਹੀਆਂ। ਸ੍ਰੀ ਅਮਨ ਅਰੋੜਾ ਨੇ ਕਿਹਾ, “ਸਾਲਾਂ ਤੋਂ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਅਣਗਿਣਤ ਜ਼ਿੰਦਗੀਆਂ ਤਬਾਹ ਕਰ ਚੁੱਕਾ ਹੈ, ਜਦੋਂ ਕਿ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਰੱਖਿਆ ਸੀ। ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਅਸੀਂ ਸੂਬੇ ਵਿੱਚੋਂ ਇਸ ਅਲਾਮਤ ਨੂੰ ਜੜ੍ਹੋਂ ਖ਼ਤਮ ਕਰਨ ਲਈ ਠੋਸ ਕਦਮ ਚੁੱਕ ਰਹੇ ਹਾਂ।”

 

ਇੱਕ ਪ੍ਰਾਈਵੇਟ ਕੰਪਨੀ ਵੱਲੋਂ ਪ੍ਰਦਰਸ਼ਿਤ ਇਸ ਐਂਟੀ-ਡਰੋਨ ਪ੍ਰਣਾਲੀਆਂ ਵਿੱਚ ਡਰੋਨ ਦੀ ਖੋਜ, ਪਛਾਣ ਅਤੇ ਨਸ਼ਟ ਕਰਨ ਦੀਆਂ ਸਮਰੱਥਾਵਾਂ ਸ਼ਾਮਲ ਹੈ, ਜੋ ਕਿ ਪੰਜਾਬ ਦੀ ਰੱਖਿਆ ਦੀ ਦੂਜੀ ਕਤਾਰ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਆਪਕ ਰਣਨੀਤੀ ਦਾ ਹਿੱਸਾ ਹੈ। ਇਹ ਪ੍ਰਣਾਲੀਆਂ ਸਰਹੱਦ ਪਾਰ ਕਰਨ ਵਾਲੇ ਡਰੋਨਾਂ ਨੂੰ ਨਿਸ਼ਾਨਾ ਬਣਾ ਕੇ ਗੈਰ-ਕਾਨੂੰਨੀ ਗਤੀਵਿਧੀਆਂ ਜੋ ਕਿ ਕਾਨੂੰਨ ਲਾਗੂ ਕਰਨ ਲਈ ਵਧੇਰੇ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ, ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।

 

ਇਹ ਟਰਾਇਲ ਚੁਣੌਤੀਪੂਰਨ ਸਰਹੱਦੀ ਸਥਿਤੀਆਂ ਵਿੱਚ ਤਕਨਾਲੋਜੀ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਲਈ ਅਸਲ ਪ੍ਰਸਥਿਤੀਆਂ ਵਿੱਚ ਕੀਤਾ ਗਿਆ ਸੀ।

 

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਅੰਤਰਰਾਸ਼ਟਰੀ ਸਰਹੱਦ ਨੂੰ ਸੁਰੱਖਿਅਤ ਕਰਨ ਦੀ ਮੁੱਢਲੀ ਜਿੰਮੇਵਾਰੀ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੀ ਹੈ, ਪਰ ਪੰਜਾਬ ਸਰਕਾਰ ਵੱਲੋਂ ਵੀ ਇਸ ਸਬੰਧ ਵਿੱਚ ਠੋਸ ਕਦਮ ਚੁੱਕੇ ਜਾ ਰਹੇ ਹਨ।

 

ਉਨ੍ਹਾਂ ਨੇ ਐਂਟੀ-ਡਰੋਨ ਤਕਨਾਲੋਜੀ ਵਿੱਚ ਮੁਹਾਰਤ ਰੱਖਣ ਵਾਲੀਆਂ ਵਿਸ਼ਵ ਭਰ ਦੀਆਂ ਹੋਰ ਕੰਪਨੀਆਂ ਨੂੰ ਵੀ ਅਜਿਹੇ ਪ੍ਰਦਰਸ਼ਨਾਂ ਲਈ ਪੰਜਾਬ ਆਉਣ ਦੀ ਪੇਸ਼ਕਸ਼ ਕੀਤੀ ਕਿਉਂਕਿ ਪੰਜਾਬ ਸਰਕਾਰ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਅਤੇ ਨਾਰਕੋ ਅੱਤਵਾਦ ਦੀ ਚੁਣੌਤੀ ਨਾਲ ਨਜਿੱਠਣ ਲਈ ਵਿਸ਼ਵ ਦੀ ਸਰਵੋਤਮ ਐਂਟੀ ਡਰੋਨ ਤਕਨਾਲੋਜੀ ਹਾਸਲ ਕਰਨਾ ਚਾਹੁੰਦੀ ਹੈ।

ਇਸ ਮੌਕੇ ਹਲਕਾ ਵਿਧਾਇਕ  ਖੇਮਕਰਨ ਸੀ੍ ਸਰਵਨ ਸਿੰਘ ਧੁੰਨ, ਡੀਜੀਪੀ ਇੰਟਰਨਲ ਸਕਿਉਰਟੀ ਆਰ ਐੱਨ ਡੌਕੇ, ਏਡੀਜੀਪੀ ਇੰਟਰਨਲ ਸਕਿਉਰਟੀ ਸ਼ਿਵੇ ਕੁਮਾਰ ਵਰਮਾ, ਡਿਪਟੀ ਕਮਿਸ਼ਨਰ ਸੀ੍ ਰਾਹੁਲ,  ਡੀਆਈਜੀ ਸਵਪਨ ਸ਼ਰਮਾ, ਐੱਸਐੱਸਪੀ ਅਭਿਮਨਿਊ ਰਾਣਾ ਹਾਜ਼ਰ ਸਨ।