Registered construction workers along with family members eligible to get free medical assistance up to Rs. 5 lakh – Manjinder Singh Lalpura

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਰਜਿਸਟਰਡ ਉਸਾਰੀ ਕਿਰਤੀ ਪਰਿਵਾਰਕ ਮੈਂਬਰਾਂ ਸਮੇਤ 5 ਲੱਖ ਰੁਪਏ ਤੱਕ ਦੀ ਮੁਫ਼ਤ ਮੈਡੀਕਲ ਸਹਾਇਤਾ ਲੈਣ ਦੇ ਯੋਗ-ਸੀ੍ ਮਨਜਿੰਦਰ ਸਿੰਘ ਲਾਲਪੁਰਾ
ਮੁੱਖ ਮੰਤਰੀ ਬੀਮਾ ਯੋਜਨਾ ਸਕੀਮ ਦਾ ਲਾਭ ਲੈਣ ਲਈ ਰਜਿਸਟਰਡ ਕਿਰਤੀ ਕਿਸੇ ਵੀ ਸਰਕਾਰੀ ਹਸਪਤਾਲ ‘ਚੋਂ ਬਣਾ ਸਕਦੇ ਨੇ ਆਯੂਸ਼ਮਾਨ ਕਾਰਡ
ਤਰਨ ਤਾਰਨ, 06 ਮਾਰਚ :
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰਜਿਸਟਰਡ ਉਸਾਰੀ ਕਿਰਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਬੀਮਾ ਯੋਜਨਾ ਸਕੀਮ ਅਧੀਨ 05 ਲੱਖ ਤੱਕ ਦੀ ਮੁਫ਼ਤ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਖਡੂਰ ਸਾਹਿਬ ਸੀ੍ ਮਨਜਿੰਦਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਇਹ ਮੈਡੀਕਲ ਸਹਾਇਤਾ ਕਿਸੇ ਵੀ ਐਮਪੈਨਲਡ ਹਸਪਤਾਲ ਵਿੱਚ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਆਯੂਸ਼ਮਾਨ ਕਾਰਡ ਬਣਾਉਣਾ ਪੈਂਦਾ ਹੈ। ਇਹ ਕਾਰਡ ਹਰੇਕ ਸਰਕਾਰੀ ਹਸਪਤਾਲ ਵਿੱਚ ਬਣਦਾ ਹੈ। ਉਨ੍ਹਾਂ ਕਿਹਾ ਕਿ ਰਜਿਸਟਰਡ ਉਸਾਰੀ ਕਿਰਤੀ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣਾ ਆਯੂਸ਼ਮਾਨ ਕਾਰਡ ਬਣਾ ਸਕਦਾ ਹੈ ਅਤੇ ਆਯੂਸ਼ਮਾਨ ਮੁੱਖ ਮੰਤਰੀ ਬੀਮਾ ਯੋਜਨਾ ਸਕੀਮ ਅਧੀਨ ਮਿਲਣ ਵਾਲੇ ਵਿੱਤੀ ਲਾਭ ਦਾ ਫ਼ਾਇਦਾ ਉਠਾ ਸਕਦਾ ਹੈ।
ਸੀ੍ ਮਨਜਿੰਦਰ ਸਿੰਘ ਲਾਲਪੁਰਾ ਨੇ ਅੱਗੇ ਦੱਸਿਆ ਕਿ ਪੰਜਾਬ ਉਸਾਰੀ ਕਿਰਤੀਆਂ ਦੀ ਭਲਾਈ ਲਈ ਸਰਕਾਰ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰ ਵੈੱਲਫੇਅਰ ਬੋਰਡ ਦਾ ਗਠਨ ਕੀਤਾ ਹੋਇਆ ਹੈ । ਕੋਈ ਵੀ ਉਸਾਰੀ ਕਿਰਤੀ ਜਿਸ ਦੀ ਉਮਰ 18-60 ਸਾਲ ਦੇ ਵਿਚਕਾਰ ਹੋਵੇ ਤੇ ਉਸ ਵੱਲੋਂ ਪੰਜਾਬ ਵਿੱਚ ਪਿਛਲੇ ਇੱਕ ਸਾਲ ਵਿੱਚ ਘੱਟੋ-ਘੱਟ 90 ਦਿਨ ਬਤੌਰ ਉਸਾਰੀ ਮਜ਼ਦੂਰ ਵਜੋਂ ਕੰਮ ਕੀਤਾ ਹੋਵੇ, ਉਹ ਬਤੌਰ ਲਾਭਪਾਤਰੀ ਰਜਿਸਟਰਡ ਹੋ ਸਕਦਾ ਹੈ।
ਸੀ੍ ਮਨਜਿੰਦਰ ਸਿੰਘ ਲਾਲਪੁਰਾ ਦੱਸਿਆ ਕਿ ਇਹ ਰਜਿਸਟਰੇਸ਼ਨ ਕਿਸੇ ਵੀ ਸੇਵਾ ਕੇਂਦਰ ਵਿੱਚ ਜਾ ਕੇ ਜਾਂ ਕਿਰਤੀ ਸਹਾਇਕ ਐਪ ਰਾਹੀਂ ਲੋੜੀਂਦੇ ਦਸਤਾਵੇਜ਼ਾਂ ਸਮੇਤ 145 ਰੁਪਏ ਸਾਲਾਨਾ ਫ਼ੀਸ ਜਮਾਂ ਕਰਵਾਕੇ ਅਪਲਾਈ ਕੀਤੀ ਜਾ ਸਕਦੀ ਹੈ। ਰਜਿਸਟਰਡ ਉਸਾਰੀ ਕਿਰਤੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਪਰੋਕਤ ਸਿਹਤ ਬੀਮਾ ਯੋਜਨਾ ਸਕੀਮ ਅਧੀਨ 05 ਲੱਖ ਤੱਕ ਦੀ ਮੁਫ਼ਤ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।