Close

Registration for admissions in undergraduate courses in Punjab Sports University starts from 20th July

Publish Date : 18/07/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਖੇਡ ਯੂਨੀਵਰਸਿਟੀ `ਚ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਦਾਖ਼ਲਿਆਂ ਲਈ ਰਜਿਸਟ੍ਰੇਸ਼ਨ 20  ਜੁਲਾਈ  ਤੋਂ ਸ਼ੁਰੂ
ਤਰਨ ਤਾਰਨ, 17 ਜੁਲਾਈ:
ਉੱਤਰੀ ਭਾਰਤ ਦੀ ਪਹਿਲੀ ਖੇਡ ਯੂਨੀਵਰਸਿਟੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਚ ਵਿਸ਼ੇਸ਼ੀਕ੍ਰਿਤ ਅੰਡਰ ਗ੍ਰੈਜੂਏਟ 3 ਸਾਲਾ ਕੋਰਸਾਂ ਵਿੱਚ ਦਾਖ਼ਲਿਆਂ ਲਈ ਰਜਿਸਟ੍ਰੇਸ਼ਨ 20 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫ਼ਟੀਨੈਂਟ ਜਨਰਲ (ਸੇਵਾ ਮੁਕਤ) ਜੇ. ਐਸ. ਚੀਮਾ ਨੇ ਦੱਸਿਆ ਕਿ ਪੰਜਾਬ ਵਿਚ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਅਤੇ ਨੌਜਵਾਨੀ ਨੂੰ ਖੇਡ ਵਿਗਿਆਨ ਤੇ ਖੇਡ ਖ਼ੁਰਾਕ ਜਿਹੇ ਵਿਸ਼ਿਆਂ ਵਿਚ ਪ੍ਰਪੱਕ ਕਰਨ ਸਬੰਧੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਹਦਾਇਤਾਂ ਅਨੁਸਾਰ ਸਾਲ 2020-21 ਲਈ ਜਿਨ੍ਹਾਂ ਤਿੰਨ ਅੰਡਰ ਗਰੈਜੂਏਟ ਕੋਰਸਾਂ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਹੈ, ਉਨ੍ਹਾਂ ਵਿਚ ਬੈਚੂਲਰ ਆਫ਼ ਫ਼ਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ (ਬੀ.ਪੀ.ਈ.ਐਸ.) ਵਿਚ ਦਾਖ਼ਲੇ ਲਈ ਯੋਗਤਾ ਜਨਰਲ ਵਰਗ ਵਾਸਤੇ 10+2 ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਅਤੇ ਐਸ.ਸੀ./ਐਸ.ਟੀ./ਓ.ਬੀ.ਸੀ. ਵਰਗਾਂ ਤੇ ਕੌਮਾਂਤਰੀ ਤੇ ਕੌਮੀ ਪੱਧਰ `ਤੇ ਖੇਡ ਮੁਕਾਬਲਿਆਂ ਵਿਚ ਭਾਗ ਲੈ ਚੁੱਕੇ ਉਮੀਦਵਾਰਾਂ ਲਈ 45 ਫ਼ੀਸਦੀ ਰੱਖੀ ਗਈ ਹੈ।
ਇਸ ਤੋਂ ਇਲਾਵਾ ਉਮੀਦਵਾਰ ਕੋਲ ਪੰਜਾਬ ਖੇਡ ਵਿਭਾਗ ਜਾਂ ਦੂਜੇ ਰਾਜਾਂ ਵੱਲੋਂ ਜਾਰੀ ਗ੍ਰੇਡਿਡ ਖੇਡ ਸਰਟੀਫ਼ਿਕੇਟ ਲਾਜ਼ਮੀ ਹੋਣਾ ਚਾਹੀਦਾ ਹੈ। ਉਮੀਦਵਾਰਾਂ ਨੂੰ ਦਾਖ਼ਲੇ ਲਈ ਯੋਗਤਾ ਪੂਰੀ ਕਰਨ ਵਾਸਤੇ ਸਰੀਰਕ ਫ਼ਿਟਨੈੱਸ ਟੈਸਟ (ਪੀ.ਐਫ.ਟੀ.) ਲਾਜ਼ਮੀ ਦੇਣਾ ਪਵੇਗਾ।
ਉਨ੍ਹਾਂ ਦੱਸਿਆ ਕਿ ਦੂਜੇ ਕੋਰਸ ਬੀ.ਐਸ.ਸੀ. (ਸਪੋਰਟਸ ਸਾਇੰਸ) ਲਈ ਯੋਗਤਾ ਜਨਰਲ ਵਰਗ ਦੇ ਉਮੀਦਵਾਰਾਂ ਲਈ 10+2 (ਸਾਇੰਸ) ਵਿਸ਼ੇ ਵਿਚ ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ ਪਾਸ ਅਤੇ ਐਸ.ਸੀ./ਐਸ.ਟੀ./ਓ.ਬੀ.ਸੀ. ਵਰਗਾਂ ਤੇ ਕੌਮਾਂਤਰੀ/ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਭਾਗ ਲੈ ਚੁੱਕੇ ਉਮੀਦਵਾਰਾਂ ਲਈ 45 ਫ਼ੀਸਦੀ ਰੱਖੀ ਗਈ ਹੈ।
ਵਾਈਸ ਚਾਂਸਲਰ ਨੇ ਦੱਸਿਆ ਕਿ ਇਸੇ ਤਰ੍ਹਾਂ ਤੀਜੇ ਕੋਰਸ ਬੀ. ਐਸ. ਸੀ. (ਸਪੋਰਟਸ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ) ਲਈ ਯੋਗਤਾ ਤਹਿਤ ਉਨ੍ਹਾਂ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ, ਜਿਨ੍ਹਾਂ ਨੇ ਕੌਮਾਂਤਰੀ/ਕੌਮੀ/ਰਾਜ/ਫ਼ੈਡਰੇਸ਼ਨ/ਜ਼ਿਲਾ/ਸਕੂਲ ਪੱਧਰ `ਤੇ ਕਿਸੇ ਵੀ ਖੇਡ ਮੁਕਾਬਲੇ ਵਿੱਚ ਹਿੱਸਾ ਲਿਆ ਹੋਵੇ। ਇਸ ਤੋਂ ਇਲਾਵਾ ਉਮੀਦਵਾਰ ਕੋਲ ਖੇਡਾਂ ਦੇ ਸਰਟੀਫ਼ਿਕੇਟ ਦੀ ਗ੍ਰੇਡੇਸ਼ਨ ਹੋਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਕੋਰਸਾਂ ਲਈ ਰਜਿਸਟ੍ਰੇਸ਼ਨ ਵਾਸਤੇ ਚਾਹਵਾਨ ਵਿਦਿਆਰਥੀ 20 ਜੁਲਾਈ ਤੋਂ 20 ਅਗਸਤ, 2020 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਯੂਨੀਵਰਸਿਟੀ ਦੀ ਵੈਬਸਾਈਟ mbspsu.pgsgcpe.com `ਤੇ 20 ਜੁਲਾਈ ਤੋਂ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਬੀ.ਪੀ.ਈ.ਐਸ. ਕੋਰਸ ਲਈ ਸਰੀਰਕ ਫ਼ਿਟਨੈਸ ਟੈਸਟ ਦੀਆਂ ਤਰੀਕਾਂ ਵੈਬਸਾਈਟ `ਤੇ ਬਾਅਦ ਵਿਚ ਦਰਸਾਈਆਂ ਜਾਣਗੀਆਂ ਅਤੇ ਦਾਖ਼ਲਿਆਂ ਲਈ ਮੋਬਾਈਲ ਨੰਬਰ 94657-80091, 88375-74060 `ਤੇ ਸੰਪਰਕ ਕੀਤਾ ਜਾ ਸਕਦਾ ਹੈ।
————–