Close

School Level Online Poster Competition from 26 to 29 May

Publish Date : 26/05/2021
DEO

ਸਕੂਲ ਪੱਧਰੀ ਆੱਨਲਾਈਨ ਪੋਸਟਰ ਮੁਕਾਬਲੇ 26 ਤੋਂ 29 ਮਈ ਤੱਕ
ਸਮਾਜਿਕ ਸਿੱਖਿਆ ਵਿਸ਼ੇ ਨੂੰ ਬਣਾਉਣਗੇ ਸਰਲ ਅਤੇ ਰੌਚਕ-ਜ਼ਿਲ੍ਹਾ ਸਿੱਖਿਆ ਅਫ਼ਸਰ
ਤਰਨਤਾਰਨ, 24 ਮਈ :
ਸਕੂਲ ਸਿੱਖਿਆ ਵਿਭਾਗ ਵੱਲੋਂ ਆਧੁਨਿਕ ਪੜਾਉਣ ਤਕਨੀਕਾਂ ਦਾ ਇਸਤੇਮਾਲ ਕਰਦਿਆਂ ਹਰ ਵਿਸ਼ੇ ਦੀ ਪੜ੍ਹਾਈ ਨੂੰ ਸਰਲ ਅਤੇ ਰੌਚਿਕ ਬਣਾਉਣ ਦੇ ਉਪਰਾਲੇ ਲਗਾਤਾਰ ਜਾਰੀ ਹਨ।ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਰੱਟੇ ਦੀ ਬਜਾਏ ਸਮਝ ਆਧਾਰਿਤ ਬਣਾਉਣ ਲਈ ਪੜਾਉਣ ਦੀਆਂ ਨਵੀਆਂ ਤਕਨੀਕਾਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ।
ਸਮਾਜਿਕ ਸਿੱਖਿਆ ਵਿਸ਼ੇ ਦੇ ਸਟੇਟ ਰਿਸੋਰਸ ਪਰਸਨ ਚੰਦਰ ਸੇਖਰ ਨੇ ਦੱਸਿਆ ਕਿ ਇਹਨਾਂ ਉਪਰਾਲਿਆਂ ਤਹਿਤ ਹੀ ਰਾਜ ਸਿੱੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਮੂਹ ਸਰਕਾਰੀ ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਸਮਾਜਿਕ ਸਿੱਖਿਆ ਵਿਸ਼ੇ ਦੇ ਆਨਲਾਈਨ ਪੋਸਟਰ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਇਹ ਮੁਕਾਬਲੇ 26 ਮਈ ਤੋਂ 29 ਮਈ ਤੱਕ ਕਰਵਾਏ ਜਾਣਗੇ।
ਸ਼੍ਰੀ ਸਤਿਨਾਮ ਸਿੰਘ ਬਾਠ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤਰਨਤਾਰਨ ਨੇ ਦੱਸਿਆ ਕਿ ਗਤੀਵਿਧੀ ਆਧਾਰਿਤ ਪੜਾਉਣ ਤਕਨੀਕਾਂ ਨਾਲ ਵਿਦਿਆਰਥੀਆਂ ਦੀ ਵਿਸ਼ੇ ਪ੍ਰਤੀ ਰੁਚੀ `ਚ ਲਾਜ਼ਮੀ ਤੌਰ `ਤੇ ਇਜ਼ਾਫਾ ਹੁੰਦਾ ਹੈ।ਇਸੇ ਲਈ ਵਿਦਿਆਰਥੀਆਂ ਨੂੰ
ਸਮਾਜਿਕ ਸਿੱਖਿਆ ਵਿਸ਼ੇ ਦੇ ਸੰਕਲਪਾਂ ਬਾਰੇ ਜਾਣਕਾਰੀ ਦੇਣ ਲਈ ਵਿਭਾਗ ਵੱਲੋਂ ਆਨਲਾਈਨ ਪੋਸਟਰ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਇਸ ਚਾਰ ਰੋਜ਼ਾ ਆਨਲਾਈਨ ਪੋਸਟਰ ਮੁਕਾਬਲੇ ਦੌਰਾਨ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੀ ਅਗਵਾਈ ਹੇਠ ਦਿੱਤੇ ਹੋਏ ਵਿਸ਼ਿਆਂ ਬਾਰੇ ਪੋਸਟਰ ਬਣਾਏ ਜਾਣਗੇ।ਵਿਦਿਆਰਥੀਆਂ ਵੱਲੋਂ ਆਨਲਾਈਨ ਤਰੀਕੇ ਭੇਜੇ ਜਾਣ ਵਾਲੇ ਸਕੂਲ ਪੱਧਰੀ ਪੋਸਟਰਾਂ ਵਿੱਚੋਂ ਪਹਿਲੇ ਤਿੰਨ ਸਥਾਨਾਂ `ਤੇ ਰਹਿਣ ਵਾਲੇ ਵਧੀਆ ਪੋਸਟਰਾਂ ਦੀ ਚੋਣ ਕਰਕੇ ਸਕੂਲ ਮੁਖੀਆਂ ਵੱਲੋਂ ਵਿਦਿਆਰਥੀਆਂ ਨੂੰ ਈ-ਸਰਟੀਫਿਕੇਟ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ।ਹਰ ਸਕੂਲ ਵੱਲੋਂ ਪਹਿਲੇ ਸਥਾਨ `ਤੇ ਰਹਿਣ ਵਾਲਾ ਪੋਸਟਰ ਸੰਬੰਧਿਤ ਬਲਾਕ ਮੈਂਟਰ ਨੂੰ ਭੇਜਿਆ ਜਾਵੇਗਾ ਅਤੇ ਬਲਾਕ ਮੈਂਟਰ ਵੱਲੋਂ ਬਲਾਕ ਦੇ ਸਕੂਲਾਂ ਦੇ ਪੋਸਟਰਾਂ ਵਿੱਚੋਂ ਚੋਣ ਕਰਕੇ ਦਸ ਵਧੀਆ ਪੋਸਟਰ ਜਿਲ੍ਹਾ ਮੈਂਟਰ ਨੂੰ ਭੇਜੇ ਜਾਣਗੇ।ਜਿਲ੍ਹਾ ਮੈਂਟਰ ਵੱਲੋਂ ਜਿਲ੍ਹੇ ਦੇ ਪੰਜ ਸਰਵੋਤਮ ਪੋਸਟਰ ਸਟੇਟ ਨਾਲ ਸਾਂਝੇ ਕੀਤੇ ਜਾਣਗੇ।
ਸ਼੍ਰੀ ਗੁਰਬਚਨ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਨੇ ਕਿਹਾ ਕਿ ਪੜ੍ਹਾਈ ਪ੍ਰਤੀ ਵਿਦਿਆਰਥੀਆਂ ਦੀ ਪਹੁੰਚ ਨੂੰ ਤਰਕਮਈ ਬਣਾਉਣ ਵਿੱਚ ਇਹਨਾਂ ਮੁਕਾਬਲਿਆਂ ਦਾ ਵੱਡਾ ਯੋਗਦਾਨ ਹੈ।ਉਹਨਾਂ ਕਿਹਾ ਕਿ ਸਮਾਜਿਕ ਸਿੱਖਿਆ ਵਿਸ਼ੇ ਦੇ ਆਨਲਾਈਨ ਪੋਸਟਰ ਮੁਕਾਬਲਿਆਂ ਦੇ ਜਮਾਤਵਾਰ ਵਿਸ਼ੇ ਸਮਾਜਿਕ ਸਿੱਖਿਆ ਦੇ ਜਿਲ੍ਹਾ ਅਤੇ ਬਲਾਕ ਮੈਂਟਰਾਂ ਰਾਹੀਂ ਸਮੂਹ ਸਕੂਲਾਂ ਤੱਕ ਪਹੁੰਚਾ ਦਿੱਤੇ ਗਏ ਹਨ।ਉਹਨਾਂ ਸਮੂਹ ਸਕੂਲ ਮੁਖੀਆਂ ਅਤੇ ਸੰਬੰਧਿਤ ਵਿਸ਼ਾ ਅਧਿਆਪਕਾਂ ਨੂੰ ਇਹਨਾਂ ਮੁਕਾਬਲਿਆਂ `ਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ।
ਸ਼੍ਰੀ ਬਲਜਿੰਦਰ ਸਿੰਘ ਜਿਲ੍ਹਾ ਮੈਂਟਰ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਨੇ ਕਿਹਾ ਕਿ ਵਿਭਾਗੀ ਹਦਾਇਤਾਂ ਅਨੁਸਾਰ ਵਿਦਿਆਰਥੀਆਂਂ ਵੱਲੋਂ ਦਿੱਤੇ ਹੋਏ ਵਿਸ਼ਿਆਂ `ਤੇ ਹੀ ਪੋਸਟਰ ਬਣਾਇਆ ਜਾਵੇਗਾ ਅਤੇ ਪੋਸਟਰ ਬਣਾਉਣ ਲਈ ਵਿਦਿਆਰਥੀ ਸਾਧਾਰਨ ਚਾਰਟ ਸ਼ੀਟ ਦਾ ਇਸਤੇਮਾਲ ਕਰ ਸਕਣਗੇ।ਉਹਨਾਂ ਕਿਹਾ ਕਿ ਚਾਰਟ ਬਣਾਉਣ ਨਾਲ ਵਿਦਿਆਰਥੀਆਂ ਦੀ ਵਿਸ਼ੇ ਪ੍ਰਤੀ ਸਮਝ ਵਧੇਗੀ ਅਤੇ ਉਹ ਵਿਸ਼ੇ ਦੇ ਸੰਕਲਪ ਆਸਾਨੀ ਨਾਲ ਸਮਝਣ ਦੇ ਸਮਰੱਥ ਹੋਣਗੇ।