Smooth running of wheat procurement, 35 more temporary procurement centers have been set up in addition to 60 permanent mandis, in the district – Deputy Commissioner
Publish Date : 07/04/2021

ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 60 ਪੱਕੀਆਂ ਮੰਡੀਆਂ ਤੋਂ ਇਲਾਵਾ ਬਣਾਏ ਗਏ 35 ਹੋਰ ਆਰਜ਼ੀ ਖਰੀਦ ਕੇਂਦਰ-ਡਿਪਟੀ ਕਮਿਸ਼ਨਰ
ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਸਾਫ਼ ਪਾਣੀ, ਬਿਜਲੀ ਅਤੇ ਟੁਆਇਲਿਟਸ ਤੋਂ ਇਲਾਵਾ ਮਾਸਕ ਤੇ ਸੈਨੇਟਾਈਜ਼ਰ ਆਦਿ ਦਾ ਪ੍ਰਬੰਧ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਦਿੱਤੇ ਆਦੇਸ਼
ਕਣਕ ਦੀ ਖਰੀਦ ਪ੍ਰਕਿਰਿਆ 10 ਅਪ੍ਰੈਲ, 2020 ਤੋਂ ਹੋਵੇਗੀ ਆਰੰਭ
ਤਰਨ ਤਾਰਨ, 05 ਅਪ੍ਰੈਲ਼ :
ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਵਿੱਚ ਹਾੜ੍ਹੀ ਸੀਜ਼ਨ ਦੀ ਫਸਲ, ਕਣਕ ਦੀ ਖਰੀਦ ਪ੍ਰਕਿਰਿਆ 10 ਅਪ੍ਰੈਲ, 2021 ਤੋਂ ਆਰੰਭ ਹੋਵੇਗੀ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਣਕ ਦੀ ਸੁਚੱਜੀ ਖਰੀਦ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਵੱਲੋਂ ਪੈਦਾ ਕੀਤਾ ਗਏ, ਹਰੇਕ ਦਾਣੇ ਦੀ ਖਰੀਦ ਕਰਨ ਲਈ ਵਚਨਬੱਧ ਹੈ।ਉਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 10 ਅਪ੍ਰੈਲ, 2021 ਤੋਂ ਆਪਣੀ ਤਿਆਰ ਫਸਲ ਨੂੰ ਮੰਡੀ ਵਿੱਚ ਲਿਆਉਣ ਦੀ ਤਿਆਰੀ ਕਰਨ।ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ ਵੇਚਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਮਹਾਂਮਰੀ ਕਾਰਨ ਸਮੁੱਚੇ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 60 ਪੱਕੀਆਂ ਮੰਡੀਆਂ ਤੋਂ ਇਲਾਵਾ 35 ਹੋਰ ਆਰਜ਼ੀ ਖਰੀਦ ਕੇਂਦਰ ਬਣਾਏ ਗਏ ਹਨ, ਜਿੱਥੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਕਣਕ ਖਰੀਦ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਜ਼ਿਲ੍ਹਾ ਤਰਨਤਾਰਨ ਦੀਆਂ ਮੰਡੀਆਂ ਵਿੱਚ ਲੱਗਭੱਗ 6 ਲੱਖ 80 ਹਜ਼ਾਰ ਮੀਟਰਿਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ।
ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਲਈ ਬਾਰਦਾਨੇ ਅਤੇ ਸਟੋਰੇਜ਼ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ।ਉਨਾਂ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਸੁਚਾਰੂ ਢੰਗ ਨਾਲ ਕਰਵਾਉਣ ਲਈ ਜ਼ਿਲ੍ਹੇ ਦੇ ਪ੍ਰਸ਼ਾਸ਼ਕੀ ਅਫ਼ਸਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ‘ਤੇ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਸਾਫ਼ ਪਾਣੀ, ਬਿਜਲੀ ਅਤੇ ਟੁਆਇਲਿਟਸ ਤੋਂ ਇਲਾਵਾ ਮਾਸਕ ਅਤੇ ਸੈਨੇਟਾਈਜ਼ਰ ਆਦਿ ਦਾ ਪ੍ਰਬੰਧ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ।ਉਹਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫਸਲ ਸੁਕਾ ਕੇ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਉਹਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਦਿੱਕਤ ਨਾ ਆਵੇ।