So far, 252 people have recovered from the corona virus
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਹੁਣ ਤੱਕ ਕਰੋਨਾ ਵਾਇਰਸ ਤੋਂ ਪੀੜਤ 252 ਵਿਅਕਤੀ ਹੋਏ ਸਿਹਤਯਾਬ-ਡਿਪਟੀ ਕਮਿਸ਼ਨਰ
9 ਹੋਰ ਵਿਅਕਤੀਆਂ ਨੇ ਕਰੋਨਾ ਵਾਇਰਸ ‘ਤੇ ਪ੍ਰਾਪਤ ਕੀਤੀ ਜਿੱਤ
ਤਰਨ ਤਾਰਨ, 05 ਅਗਸਤ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿੱਚ ਕੋਵਿਡ ਕੇਅਰ ਸੈਂਟਰ, ਆਈਸੋਲੇਸ਼ਨ ਵਾਰਡ ਅਤੇ ਹੋਮ ਆਈਸੋਲੇਸ਼ਨ ਵਿੱਚ ਰੱਖੇ ਗਏ 9 ਹੋਰ ਵਿਅਕਤੀ ਕਰੋਨਾ ਵਾਇਰਸ ‘ਤੇ ਜਿੱਤ ਪ੍ਰਾਪਤ ਕਰਕੇ ਸਿਹਤਯਾਬ ਹੋਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੋਨਾ ਵਾਇਰਸ ਤੋਂ ਪੀੜਤ 252 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ।
ਜ਼ਿਲੇ ਅੰਦਰ ਹੁਣ ਤੱਕ ਕੁੱਲ 406 ਕੇਸ ਪਾਜੀਟਿਵ ਆਏ ਸਨ, ਜਿਨਾਂ ਵਿਚੋਂ 252 ਵਿਅਕਤੀ ਕਰੋਨਾ ਨੂੰ ਹਰਾ ਕੇ ਆਪੋ-ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਉਹਨਾਂ ਦੱਸਿਆ ਕਿ ਹੁਣ ਸਿਵਲ ਹਸਪਤਾਲ ਤਰਨ ਤਾਰਨ ਦੇ ਆਈਸੋਲੇਸ਼ਨ ਵਾਰਡ ਵਿਚ 19 ਮਰੀਜ਼ ਇਲਾਜ਼ ਅਧੀਨ ਹਨ। ਇਸ ਤੋਂ ਇਲਾਵਾ 24 ਮਰੀਜਾਂ ਨੂੰ ਮਾਈ ਭਾਗੋ ਨਰਸਿੰਗ ਕਾਲਜ ਵਿੱਚ ਬਣਾਏ ਗਏ ਕੋਵਿਡ ਕੇਅਰ ਸੈਂਟਰ ਵਿੱਚ ਰੱਖਿਆ ਗਿਆ ਹੈ ਅਤੇ 72 ਮਰੀਜਾਂ ਨੂੰ ਹੋਮ ਆਈਸੋਲੇਸ਼ਨ ਵਿੱਚ ਰੱਖਿਆ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੋਵਿਡ-19 ਤੋਂ ਬਚਾਓ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਆਮ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕਰੋਨਾ ਇੱਕ ਭਿਆਨਕ ਵਾਇਰਸ ਹੈ, ਜੋ ਕਿ ਅਕਸਰ ਇੱਕ ਦੂਜੇ ਦੇ ਸੰਪਰਕ ਵਿਚ ਆਉਣ ਨਾਲ ਹੀ ਫੈਲਦਾ ਹੈ। ਇਸ ਤੋਂ ਬਚਾਓ ਲਈ ਹਾਲ ਦੀ ਘੜੀ ਸਿਰਫ਼ ਪਰਹੇਜ਼ ਹੀ ਇਸ ਦਾ ਇਲਾਜ ਹੈ
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਕਰੋਨਾ ਤੋਂ ਸਾਵਧਾਨ ਕਰਦਿਆਂ ਕਿਹਾ ਕਿ ਇਸ ਵਾਇਰਸ ਤੋਂ ਬਚਣ ਲਈ ਹਰ ਵਿਅਕਤੀ ਲਈ ਮਾਸਕ ਪਹਿਨਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਆਪਸ ਵਿੱਚ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਆਪਸੀ ਤਾਲਮੇਲ ਨੂੰ ਘਟਾਇਆ ਜਾਵੇ ਹੱਥਾਂ ਨੂੰ ਵਾਰ-ਵਾਰ ਸਾਬਣ ਜਾਂ ਸੈਨੀਟਾਈਜ਼ਰ ਨਾਲ ਸਾਫ਼ ਕੀਤਾ ਜਾਵੇ ਉਨਾਂ ਬਜ਼ੁਰਗਾਂ `ਤੇ ਬੱਚਿਆਂ ਨੂੰ ਖਾਸ ਅਪੀਲ ਕੀਤੀ ਕਿ ਉਹ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨ
ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਹਾਲਤ ਵਿੱਚ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ, ਤਾਂ ਜੋ ਕੋਵਿਡ-19 ਨੂੰ ਹਰਾਉਣ ਲਈ ਚਲਾਏ ਗਏ “ਮਿਸ਼ਨ ਫਤਿਹ” ਨੂੰ ਸਫਲ ਬਣਾਇਆ ਜਾ ਸਕੇ ।
———-