Special meeting by Deputy Commissioner with various social and religious organizations of the district
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ਦੇ ਵੱਖ -ਵੱਖ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਨਾਲ ਵਿਸ਼ੇਸ਼ ਮੀਟਿੰਗ
ਤਰਨ ਤਾਰਨ , 18 ਨਵੰਬਰ :
ਜ਼ਿਲ੍ਹਾ ਤਰਨ ਤਾਰਨ ’ਚ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਬਣਾਏ ਰੱਖਣ ਲਈ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੌਕੇ ਐੱਸ. ਡੀ. ਐਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਐੱਸ. ਡੀ. ਐਮ. ਖਡੂਰ ਸਾਹਿਬ ਸ੍ਰੀ ਦੀਪਕ ਭਾਟੀਆ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਪੁਨੀਤ ਕੁਮਾਰ ਸ਼ਰਮਾ ਤੋਂ ਇਲਾਵਾ ਪੁਲਿਸ ਅਧਿਕਾਰੀ ਤੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦੇ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ’ਚ ਸਦਭਾਵਨਾ ਪੂਰਨ ਮਾਹੌਲ, ਆਪਸੀ ਭਾਈਚਾਰਕ ਸਾਂਝ ਅਤੇ ਸਮਾਜਿਕ ਸਬੰਧਾਂ ਨੂੰ ਹਰ ਹਾਲ ਕਾਇਮ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾਂ ਤੋਂ ਹੀ ਭਾਈਚਾਰਕ ਸਾਂਝ ਦੇ ਹਾਮੀ ਰਹੇ ਹਨ। ਉਨ੍ਹਾਂ ਨੇ ਪੁਰਾਣੇ ਸਮੇਂ ਤੋਂ ਵੱਡੀਆਂ ਜੰਗਾਂ ਲੜੀਆਂ, ਭਾਰਤ-ਪਾਕਿ ਵੰਡ ਵੇਲੇ ਦੀ ਤ੍ਰਾਸਦੀ ਨੂੰ ਦੇਖਿਆ ਅਤੇ ਉਸ ਤੋਂ ਬਾਅਦ ਦੇ ਹਾਲਾਤਾਂ ਦੇ ਬਾਵਜੂਦ ਕਦੇ ਵੀ ਪੰਜਾਬ ’ਚ ਕਦੇ ਵੀ ਸਮਾਜਿਕ ਤੇ ਭਾਈਚਾਰਕ ਸਾਂਝ ’ਚ ਤਰੇੜ ਨਹੀਂ ਆਉਣ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬ ਜੋ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸਭ ਤੋਂ ਵੱਡਾ ਜ਼ਾਮਨ ਰਿਹਾ ਹੈ, ’ਚ ਸਮਾਜਿਕ ਤਾਣਾ-ਬਾਣਾ ਮਜ਼ਬੂਤ ਰੱਖਣ ’ਚ ਸਾਡਾ ਸਭ ਦਾ ਬਰਾਬਰ ਦਾ ਯੋਗਦਾਨ ਹੈ, ਜਿਸ ਦੀ ਹੁਣ ਵੀ ਵੱਡੇ ਪੱਧਰ ’ਤੇ ਲੋੜ ਹੈ।
ਉੁਨ੍ਹਾਂ ਕਿਹਾ ਕਿ ਅੱਜ ਕਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੋਣ ਕਾਰਨ ਇਸ ਦੀ ਗਲਤ ਵਰਤੋਂ ਵੀ ਕਈ ਵਾਰ ਸਮਾਜ ’ਚ ਭੜਕਾਹਟ ਪੈਦਾ ਕਰਨ ਦਾ ਕਾਰਨ ਬਣ ਜਾਂਦੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਦੀ ਸਹੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਖ਼ਬਰ ਜਾਂ ਸੂਚਨਾ ਨੂੰ ਸਾਂਝਾ ਕਰਨ ’ਤੇ ਲੋਕ ਬਿਨਾਂ ਤੱਥਾਂ ਦੀ ਪੜਤਾਲ ਕੀਤਿਆਂ ਕਈ ਵਾਰ ਆਪਣੀਆਂ ਟਿੱਪਣੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ, ਜੋ ਸਮਾਜ ’ਚ ਭੜਕਾਹਟ ਦਾ ਕਾਰਨ ਬਣਦੀਆਂ ਹਨ। ਉਨ੍ਹਾਂ ਨੇ ਅਜਿਹੀ ਕਿਸੇ ਵੀ ਗ਼ਲਤ ਜਾਂ ਝੂਠੀ ਖ਼ਬਰ ਜਾਂ ਸੂਚਨਾ ਨੂੰ ਅੱਗੇ ਸ਼ੇਅਰ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਅਤੇ ਨਾਲ ਹੀ ਅਜਿਹੇ ਅਨਸਰਾਂ ਜੋ ਕਿ ਸਮਾਜ ’ਚ ਪਾੜਾ ਪਾਉਣ ਵਾਲੀਆਂ ਅਜਿਹੀਆਂ ਗ਼ਲਤ ਸੂਚਨਾਵਾਂ ਨੂੰ ਅੱਗੇ ਸ਼ੇਅਰ ਕਰਨਗੇ, ਉਹਨਾਂ ਖਿਲਾਫ਼ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ।