Close

The benefit of power amnesty was given to everyone by rising above the party-Laljit Singh Bhullar

Publish Date : 01/08/2022

ਪਾਰਟੀ ਬਾਜੀ ਤੋਂ ਉਪਰ ਉੱਠ ਕੇ ਹਰੇਕ ਨੂੰ ਦਿੱਤਾ ਜਾ ਗਿਆ ਬਿਜਲੀ ਮੁਆਫ਼ੀ ਦਾ ਲਾਭ-ਲਾਲਜੀਤ ਸਿੰਘ ਭੁੱਲਰ

ਬਿਜਲੀ ਸਪਲਾਈ ਵਿਚ ਸੁਧਾਰ ਕਰਨਾ ਸਾਡਾ ਪਹਿਲੀ ਤਰਜੀਹ-ਧੁੰਨ
ਪੱਟੀ, 29 ਜੁਲਾਈ ( )-ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਪੱਟੀ ਵਿਖ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਆਪਣੇ ਰਾਜ ਦੇ ਵਾਸੀਆਂ ਨੂੰ ਸਸਤੀ ਅਤੇ ਨਿਰੰਤਰ ਬਿਜਲੀ ਸਪਲਾਈ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸ ਸਪਲਾਈ ਨੂੰ ਨਿਰੰਤਰ ਜਾਰੀ ਰੱਖਣ ਲਈ ਲੋਡ ਦਾ ਸਹੀ ਪਤਾ ਹੋਣਾ ਜ਼ਰੂਰੀ ਹੈ। ਸੋ, ਹੁਣ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਨੇ ਕਿਸਾਨਾਂ ਨੂੰ ਆਪਣੇ ਟਿਊਬਵੈਲਾਂ ਦਾ ਲੋਡ ਵਧਾਉਣ ਲਈ ਸਮਾਂ ਦਿੱਤਾ ਗਿਆ ਹੈ, ਜਿਸ ਤਹਿਤ ਕਿਸਾਨ 15 ਸਤੰਬਰ ਤੱਕ ਕੇਵਲ 2750 ਰੁਪਏ ਫੀਸ ਪ੍ਰਤੀ ਹਾਰਸ ਪਾਵਰ ਦੇ ਕੇ ਆਪਣਾ ਲੋਡ ਵਧਾ ਸਕਦੇ ਹਨ। ਅੱਜ ਸ਼ਹੀਦ ਭਗਤ ਸਿਘ ਸਕੂਲ ਪੱਟੀ ਵਿਖੇ ‘ਉਜਵਲ ਭਾਰਤ ਉਜਵਲ ਭਵਿੱਖ’ ਵਿਸ਼ੇ ਉਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਉਨਾਂ ਦੱਸਿਆ ਕਿ ਪਹਿਲਾਂ ਇਹ ਫੀਸ 4750 ਰੁਪਏ ਪ੍ਰਤੀ ਹਾਰਸ ਪਾਵਰ ਸੀ, ਜੋ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਲਗਭਗ ਅੱਧੀ ਕਰ ਦਿੱਤੀ ਹੈ। ਉਨਾਂ ਕਿਹਾ ਕਿ ਇਸ ਨਾਲ ਬਿਜਲੀ ਸਪਲਾਈ ਵਿਚ ਵੱਡੇ ਸੁਧਾਰ ਹੋਣਗੇ ਅਤੇ ਲੋਡ ਵੱਧ ਹੋਣ ਨਾਲ ਨਵੀਆਂ ਲਾਇਨਾਂ, ਨਵੇਂ ਬਿਜਲੀ ਘਰ, ਵਾਧੂ ਟਰਾਂਸਫਾਰਮਰ ਅਤੇ ਹੋਰ ਸਾਜ਼ੋ ਸਮਾਨ ਵੀ ਉਸ ਸਮਰੱਥਾ ਦੀ ਪੂਰਤੀ ਲਈ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਾਰਟੀ ਬਾਜੀ ਤੋਂ ਉਪਰ ਉਠਕੇ ਹਰੇਕ ਵਰਗ ਨੂੰ ਬਿਜਲੀ ਮੁਆਫ਼ੀ ਦਾ ਲਾਭ ਦਿੱਤਾ ਹੈ। ਕਿਸੇ ਕੋਲ ਟਰਾਂਸਫਾਰਮਰ ਬਦਲਣ ਜਾਂ ਹੋਰ ਕੰਮਾਂ ਦੇ ਪੈਸੇ ਨਹੀਂ ਲਏ ਜਾਂਦੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਬਿਜਲੀ ਵਿਭਾਗ ਨੇ ਵੱਖ-ਵੱਖ ਸਕੀਮਾਂ ਤਹਿਤ ਬਿਜਲੀ ਸਪਲਾਈ ਵਿਚ ਸੁਧਾਰ ਉਤੇ ਪਿੰਡਾਂ ਵਿਚ 220 ਕਰੋੜ ਰੁਪਏ ਅਤੇ 5000 ਤੋਂ ਵੱਧ ਅਬਾਦੀ ਵਾਲੇ ਕਸਬਿਆਂ ਵਿਚ 360 ਕਰੋੜ ਰੁਪਏ ਖਰਚ ਕੀਤੇ ਹਨ, ਪਰ ਅਜੇ ਇਸ ਵਿਚ ਵੱਡੇ ਸੁਧਾਰ ਦੀ ਸੰਭਾਵਨਾ ਹੈ, ਜੋ ਕਿ ਤੁਹਾਡੇ ਵੱਲੋਂ ਕੀਤੇ ਗਏ ਲੋਡ ਦੇ ਪ੍ਰਗਟਾਵੇ ਨਾਲ ਹੀ ਸਿਰੇ ਚਾੜੀ ਜਾ ਸਕਦੀ ਹੈ।

ਹਲਕਾ ਖੇਮਕਰਨ ਦੇ ਵਿਧਾਇਕ ਸ ਸਰਵਣ ਸਿੰਘ ਧੁੰਨ ਨੇ ਬਿਜਲੀ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਤੇ ਦਿੱਤੀ ਜਾ ਰਹੀ ਨਿਰੰਤਰ ਬਿਜਲੀ ਸਪਲਾਈ ਲਈ ਪ੍ਰਸੰਸਾ ਕਰਦੇ ਕਿਹਾ ਕਿ ਬਿਜਲੀ ਸੁਧਾਰਾਂ ਲਈ ਇਹ ਵੀ ਜ਼ਰੂਰੀ ਹੈ ਕਿ ਆਪਾਂ ਹੁਣ ਕੁੰਡੀ ਲਗਾ ਕੇ ਬਿਜਲੀ ਚੋਰੀ ਨਾ ਕਰੀਏ। ਉਨਾਂ ਕਿਹਾ ਕਿ ਮਾਨ ਸਰਕਾਰ ਨੇ 600 ਯੂਨਿਟ ਹਰ ਘਰ ਨੂੰ ਮੁਆਫ ਕੀਤੇ ਹਨ, ਜੋ ਕਿ ਹਰ ਘਰ ਦੀ ਲੋੜ ਪੂਰੀ ਕਰਨ ਲਈ ਬਹੁਤ ਹਨ। ਐਸ ਡੀ ਐਮ ਪੱਟੀ ਸ੍ਰੀ ਰਾਜੇਸ਼ ਸ਼ਰਮਾ ਨੇ ਬਿਜਲੀ ਦੀ ਵਰਤੋਂ ਸੰਜਮ ਨਾਲ ਕਰਨ ਉਤੇ ਜ਼ੋਰ ਦਿੰਦੇ ਕਿਹਾ ਕਿ ਬਿਜਲੀ ਦੀ ਵਰਤੋਂ ਜਰੂਰ ਕਰੋ, ਪਰ ਬਿਨਾਂ ਲੋੜ ਤੋਂ ਘਰਾਂ ਵਿਚ ਫਾਲਤੂ ਗੁਆ ਕੇ ਰਾਸ਼ਟਰ ਦਾ ਸਰਮਾਇਆ ਬਰਬਾਦ ਨਾ ਕੀਤਾ ਜਾਵੇ। ਇੰਜ਼ ਗਰੁਸ਼ਰਨ ਸਿਘ ਖਹਿਰਾ ਨੇ ਕਿਹਾ ਕਿ ਬਿਜਲੀ ਬਨਾਉਣੀ ਤੇ ਪਹੁੰਚਾਉਣੀ ਦੋਵੇਂ ਬੜੇ ਮਹਿੰਗੇ ਕੰਮ ਹਨ, ਪਰ ਸਰਕਾਰ ਨੇ ਇਸ ਦੇ ਬਾਵਜੂਦ ਆਪਣੇ ਨਾਗਰਿਕਾਂ ਨੂੰ ਨਿਰੰਤਰ ਬਿਜਲੀ ਮੁਹੱਇਆ ਕਰਵਾਉਣ ਲਈ 2000 ਮੈਗਾਵਾਟ ਬਿਜਲੀ ਦੇ ਸਮਝੌਤੇ ਕੀਤੇ ਹਨ। ਇਸ ਤੋਂ ਇਲਾਵਾ 206 ਮੈਗਾਵਾਟ ਦੀ ਸਮਰੱਥਾ ਵਾਲੇ ਸ਼ਾਹਪੁਰ ਕੰਡੀ ਡੈਮ ਦਾ ਕੰਮ ਜ਼ੋਰਾਂ ਉਤੇ ਹੈ, ਜੋ ਕਿ 2024 ਵਿਚ ਪੂਰਾ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਸਾਡਾ ਕੰਮ ਬਿਜਲੀ ਸਪਲਾਈ ਘਰ-ਘਰ ਦੇਣ ਨਾਲ ਪੂਰਾ ਨਹੀਂ ਹੋ ਜਾਂਦਾ, ਹੁਣ ਬਿਜਲੀ ਸਪਲਾਈ ਵਿਚ ਸੁਧਾਰ ਦੀ ਲੋੜ ਹੈ, ਜੋ ਕਿ ਅਸੀਂ ਕਰ ਰਹੇ ਹਾਂ। ਉਨਾਂ ਕਿਹਾ ਕਿ ਵਿਭਾਗ ਸੂਰਜੀ ਊਰਜਾ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰ ਰਿਹਾ ਹੈ ਅਤੇ ਲੋਕਾਂ ਨੂੰ ਵੀ ਇਸ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਬਿਜਲੀ ਸਪਲਾਈ ਵਿਚ ਹੋ ਰਹੇ ਸੁਧਾਰ ਬਾਰੇ ਸ. ਸਤਨਾਮ ਸਿੰਘ ਸਭਰਾਅ, ਸ. ਸੁਰਿੰਦਰ ਸਿੰਘ ਚੰਬਾ ਤੇ ਸ. ਦਯਾ ਸਿੰਘ ਨੇ ਆਪਣੇ ਤਜ਼ਰਬੇ ਲੋਕਾਂ ਨਾਲ ਸਾਂਝੇ ਕੀਤੇ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਓ ਐਸ ਡੀ ਸ੍ਰੀ ਸੰਦੀਪ ਪੁਰੀ, ਐਮ ਡੀ. ਸ੍ਰੀ ਰਾਜੇਸ਼ ਭਾਰਦਵਾਨ, ਸ੍ਰੀਮਤੀ ਮਿ੍ਰਦੁਲਾ ਭਾਰਦਵਾਜ, ਡਾਇਰੈਕਟਰ ਸ੍ਰੀ ਸਤਿਅਮ ਭਾਰਦਵਾਜ, ਜਿਲ੍ਹਾ ਸਿੱਖਿਆ ਅਧਿਕਾਰੀ ਸ. ਹਰਭਗਵੰਤ ਸਿੰਘ, ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਤੇ ਜਸਬੀਰ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

ਕੈਪਸ਼ਨ

ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਪੱਟੀ ਵਿਚ ਕਰਵਾਏ ਸਮਾਗਮ ਮੌਕੇ ਹਾਜ਼ਰ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ, ਵਿਧਾਇਕ ਸ. ਸਰਵਣ ਸਿੰਘ ਧੁੰਨ, ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ, ਐਸ ਈ ਸ. ਗਰੁਸ਼ਰਨ ਸਿੰਘ ਖਹਿਰਾ ਤੇ ਹੋਰ।