The Deputy Commissioner appealed to the farmers of the district not to set the grain of wheat on fire
ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ
ਫਸਲਾਂ ਦੀ ਰਹਿੰਦ-ਖੁਹੰਦ ਸਾੜਨ ਨਾਲ ਜ਼ਮੀਨ ਦੇ ਉਪਜਾਊ ਤੱਤ ਹੋ ਜਾਂਦੇ ਹਨ ਨਸ਼ਟ
ਤਰਨ ਤਾਰਨ, 16 ਮਈ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਜਿ਼ਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ ਨਾੜ ਜਾਂ ਫਸਲਾਂ ਦੀ ਹੋਰ ਰਹਿੰਦ-ਖੂਹੰਦ ਨੂੰ ਸਾੜਨ ਨਾ ਸਗੋਂ, ਇਸ ਨੂੰ ਖੇਤ ਵਿਚ ਹੀ ਮਿਲਾ ਦੇਣ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਫਸਲਾਂ ਦੀ ਰਹਿੰਦ-ਖੁਹੰਦ ਸਾੜਨ ਨਾਲ ਜਿੱਥੇ ਸਾਡੀ ਜਮੀਨ ਦੇ ਉਪਜਾਊ ਤੱਤ ਨਸ਼ਟ ਹੋ ਜਾਂਦੇ ਹਨ, ਉਥੇ ਹੀ ਇਸ ਨਾਲ ਵਾਤਾਵਰਨ ਵੀ ਪ੍ਰਦੁਸਿ਼ਤ ਹੁੰਦਾ ਹੈ ਅਤੇ ਕਈ ਵਾਰ ਇਸਦਾ ਧੂੰਆਂ ਅਤੇ ਅੱਗ ਹਾਦਸਿਆਂ ਦੀ ਕਾਰਨ ਵੀ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਕੁਦਰਤ ਦਾ ਸੱਚਾ ਦੋਸਤ ਹੈ ਅਤੇ ਪੂਰੀਆਂ ਦੁਨੀਆਂ ਦਾ ਪੇਟ ਭਰਨ ਵਾਲਾ ਕਿਸਾਨ ਪ੍ਰਦੂਸਣ ਪੈਦਾ ਕਰਨ ਵਾਲਾ ਨਹੀਂ ਅਖਵਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਪੁਰੇ ਸਮਾਜ ਲਈ ਸਤਿਕਾਰਤ ਹੈ ਅਤੇ ਪੂਰੇ ਸਮਾਜ ਵੱਲੋਂ ਉਸਨੂੰ ਕਣਕ ਦੀ ਨਾੜ ਨਾ ਸਾੜਨ ਦੀ ਅਪੀਲ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਦੁਸ਼ਨ ਨਾਲ ਵਾਤਾਵਰਨ ਵਿਚ ਆ ਰਹੇ ਬਦਲਾਵਾਂ ਦੇ ਅਸਰ ਸਭ ਤੋਂ ਵੱਧ ਸਾਡੀ ਖੇਤੀ ਤੇ ਹੀ ਹੁੰਦੇ ਹਨ ਅਤੇ ਅਸੀਂ ਵੇਖਿਆ ਹੈ ਕਿ ਪਿੱਛਲੇ ਦਿਨੀ ਬੇਰੁੱਤੀਆਂ ਬਰਸਾਤਾਂ ਨੇ ਕਿਸਾਨਾਂ ਦਾ ਹੀ ਸਭ ਤੋਂ ਵੱਧ ਨੁਕਸਾਨ ਕੀਤਾ ਸੀ। ਇਸ ਲਈ ਸਾਨੂੰ ਕੁਦਰਤ ਪ੍ਰਤੀ ਆਪਣੇ ਫਰਜਾਂ ਨੂੰ ਪਹਿਚਾਣਦਿਆਂ ਨਾੜ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਸੁਰਿੰਦਰਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਣਕ ਦੀ ਨਾੜ ਦੀ ਤੂੜੀ ਬਣਵਾਉਣ ਕਿਉਂਕਿ ਤੁੜੀ ਦੀ ਇਸ ਵੇਲੇ ਚੰਗੀ ਮੰਗ ਹੈ। ਉਨ੍ਹਾਂ ਨੇ ਕਿਹਾ ਕਿ ਤੁੜੀ ਬਣਵਾਉਣ ਤੋਂ ਬਾਅਦ ਕੁਝ ਕਿਸਾਨ ਪਿੱਛੇ ਬਚੀ ਰਹਿੰਦ-ਖੁਹੰਦ ਨੂੰ ਅੱਗ ਲਗਾ ਦਿੰਦੇ ਹਨ, ਜੋ ਕਿ ਕਿਸੇ ਵੀ ਤਰਾਂ ਨਾਲ ਜਾਇਜ਼ ਨਹੀਂ ਹੈ, ਸਗੋਂ ਇਸ ਰਹਿੰਦ ਖੁਹੰਦ ਨੂੰ ਖੇਤ ਵਿੱਚ ਹੀ ਵਾਹ ਦੇਣਾ ਚਾਹੀਦਾ ਹੈ, ਜਿਸ ਨਾਲ ਜਮੀਨ ਵਿਚ ਕਾਰਬਨਿਕ ਮਾਦਾ ਵੱਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ਲਗਾਉਣ ਨਾਲ ਖੇਤਾਂ ਵਿਚ ਲੱਗੇ ਰੁੱਖ ਵੀ ਮੱਚ ਜਾਂਦੇ ਹਨ ਅਤੇ ਪੰਛੀਆਂ ਲਈ ਵੀ ਇਹ ਅੱਗ ਘਾਤਕ ਸਿੱਧ ਹੁੰਦੀ ਹੈ।