The Deputy Commissioner made a surprise visit to various Gram Panchayats of Block Valtoha and inspected the ongoing works under the Mahatma Gandhi NREGA scheme.
Publish Date : 19/12/2022
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ , ਤਰਨ ਤਾਰਨ
ਡਿਪਟੀ ਕਮਿਸ਼ਨਰ ਵੱਲੋਂ ਬਲਾਕ ਵਲਟੋਹਾ ਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ਦਾ ਅਚਨਚੇਤ ਦੌਰਾ ਕਰਕੇ ਮਹਾਤਮਾਂ ਗਾਂਧੀ ਨਰੇਗਾ ਸਕੀਮ ਤਹਿਤ ਚੱਲ ਰਹੇ ਕੰਮਾਂ ਦਾ ਨਿਰੀਖਣ
ਜਾਬ ਕਾਰਡ ਹੋਲਡਰਾਂ ਦੇ ਨਾਮ ‘ਤੇ ਬੋਗਸ ਦਿਹਾੜੀਆਂ ਪਾ ਕੇ ਕੀਤੀ ਜਾ ਰਹੀ ਫੰਡਾਂ ਦੀ ਦੁਰਵਰਤੋਂ ਲਈ ਜਿੰਮੇਵਾਰ ਕਰਮਚਾਰੀਆ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਦੇ ਆਦੇਸ਼
ਤਰਨ ਤਾਰਨ 17 ਦਸੰਬਰ :
ਮਹਾਤਮਾਂ ਗਾਂਧੀ ਨਰੇਗਾ ਸਕੀਮ ਤਹਿਤ ਚੱਲ ਰਹੇ ਕੰਮਾਂ ਦਾ ਅੱਜ ਸ੍ਰੀ ਰਿਸ਼ੀਪਾਲ ਸਿੰਘ ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋ ਬਲਾਕ ਵਲਟੋਹਾ ਦੀਆਂ ਵੱਖ ਵੱਖ ਗ੍ਰਾਮ ਪੰਚਾਇਤਾਂ ਦਾ ਅਚਨਚੇਤ ਦੌਰਾ ਕਰਕੇ ਕੰਮਾਂ ਦਾ ਨਿਰੀਖਣ ਕੀਤਾ ਗਿਆ।
ਨਿਰੀਖਣ ਦੌਰਾਨ ਗ੍ਰਾਮ ਪੰਚਾਇਤਾਂ ਦੇ ਕੰਮਾਂ ਵਿੱਚ ਉਣਤਾਈਆਂ ਪਾਈਆਂ ਗਈਆਂ। ਗ੍ਰਾਮ ਪੰਚਾਇਤ ਘਰਿਆਲਾ ਖੁਰਦ ਵਿੱਚ ਛੱਪੜ ਦੇ ਚੱਲ ਰਹੇ ਕੰਮ ਤੇ ਲਗਾਈ ਗਈ ਲੇਬਰ ਦੇ ਆਨਲਾਈਨ ਜਾਰੀ ਕੀਤੇ ਈ-ਮਸਟਰੋਲ ਵਿੱਚ 47 ਵਰਕਰ ਵਿੱਚੋ ਸਿਰਫ 23 ਵਰਕਰ ਹੀ ਕੰਮ ਕਰ ਰਹੇ ਸਨ।ਗ੍ਰਾਮ ਪੰਚਾਇਤ ਢੋਲਣ ਛੱਪੜ ਦੇ ਚੱਲ ਰਹੇ ਕੰਮ ਤੇ ਲਗਾਈ ਗਈ ਲੇਬਰ ਦੇ ਆਨਲਾਈਨ ਜਾਰੀ ਕੀਤੇ ਈ-ਮਸਟਰੋਲ ਵਿੱਚ 63 ਵਰਕਰ ਕੰਮ ਕਰਦੇ ਦਿਖਾਏ ਗਏ ਪਰੰਤੂ ਚੈਕਿੰਗ ਦੌਰਾਨ ਮੌਕੇ ਤੇ ਸਿਰਫ 28 ਵਰਕਰ ਹੀ ਕੰਮ ਕਰ ਰਹੇ ਸਨ।ਗ੍ਰਾਮ ਪੰਚਾਇਤ ਆਸਲ ਉਤਾੜ ਵਿੱਚ ਚੱਲ ਰਹੇ ਵੱਖ-ਵੱਖ ਕੰਮਾਂ ਮਾਡਰਨ ਸੱਥ, ਰੋਡ ਸਾਈਡ ਪਲਾਂਟੇਸ਼ਨ, ਲੈਂਡ ਲੈਵਲਿੰਗ ਅਤੇ ਸਾਂਝਾ ਜਲ ਤਲਾਬ ਦਾ ਨਿਰੀਖਣ ਕੀਤਾ ਗਿਆ, ਮੌਕੇ ਤੇ 52 ਵਰਕਰਾਂ ਦੇ ਵਿੱਚੋ ਕੋਈ ਵੀ ਵਰਕਰ ਮੌਕੇ ਤੇ ਕੰਮ ਨਹੀ ਕਰ ਰਿਹਾ ਸੀ।
ਗ੍ਰਾਮ ਪੰਚਾਇਤ ਮਹਿਮੂਦਪੁਰਾ ਵਿੱਚ ਸਾਂਝਾ ਜਲ ਤਲਾਬ (ਛੱਪੜ) ਦੇ ਚੱਲ ਰਹੇ ਕੰਮ ਤੇ ਲਗਾਈ ਗਈ ਲੇਬਰ ਦੇ ਆਨਲਾਈਨ ਜਾਰੀ ਕੀਤੇ ਈ-ਮਸਟਰੋਲ ਵਿੱਚ 62 ਵਰਕਰ ਕੰਮ ਕਰਦੇ ਦਿਖਾਏ ਗਏ, ਪਰੰਤੂ ਚੈਕਿੰਗ ਦੌਰਾਨ ਮੌਕੇ ਤੇ ਕੋਈ ਵੀ ਵਰਕਰ ਕੰਮ ਕਰਦਾ ਨਹੀ ਪਾਇਆ ਗਿਆ। ਗ੍ਰਾਮ ਪੰਚਾਇਤ ਦੂਹਲ ਨੌ ਵਿੱਚ ਛੱਪੜ ਦੇ ਚੱਲ ਰਹੇ ਕੰਮ ਤੇ ਲਗਾਈ ਗਈ ਲੇਬਰ ਦੇ ਆਨਲਾਈਨ ਜਾਰੀ ਕੀਤੇ ਈ-ਮਸਟਰੋਲ ਵਿੱਚ 19 ਵਰਕਰਾਂ ਵਿੱਚੋ ਕੋਈ ਵੀ ਵਰਕਰ ਕੰਮ ਕਰਦਾ ਨਹੀ ਪਾਇਆ ਗਿਆ।
ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋ ਹੁਕਮ ਜਾਰੀ ਕੀਤੇ ਗਏ ਕਿ ਮਹਾਤਮਾਂ ਗਾਂਧੀ ਨਰੇਗਾ ਸਕੀਮ ਦੇ ਤਹਿਤ ਜਾਬ ਕਾਰਡ ਹੋਲਡਰਾਂ ਦੇ ਨਾਮ ਤੇ ਬੋਗਸ ਦਿਹਾੜੀਆਂ ਪਾ ਕੇ ਕੀਤੀ ਜਾ ਰਹੀ ਫੰਡਾਂ ਦੀ ਦੁਰਵਰਤੋਂ ਲਈ ਜਿੰਮੇਵਾਰ ਕਰਮਚਾਰੀਆ ਏ.ਪੀ.ੳ. ਮਗਨਰੇਗਾ, ਤਕਨੀਕੀ ਸਹਾਇਕ ਮਗਨਰੇਗਾ ਅਤੇ ਸਬੰਧਤ ਗ੍ਰਾਮ ਰੋਜਗਾਰ ਸੇਵਕ ਮਗਨਰੇਗਾ ਬਲਾਕ ਵਲਟੋਹਾ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕਰਦੇ ਹੋਏ ਇਹਨਾਂ ਕਰਮਚਾਰੀਆ ਦਾ ਸੇਵਾ ਕੰਟਰੈਕਟ ਰੱਦ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨ ਤਾਰਨ ਨੂੰ ਆਦੇਸ਼ ਜਾਰੀ ਕੀਤੇ ਗਏ।