The development of drug-free villages will be done on a priority basis – Deputy Commissioner
ਨਸ਼ਾ ਮੁੱਕਤ ਹੋਏ ਪਿੰਡਾਂ ਦਾ ਵਿਕਾਸ ਪਹਿਲ ਦੇ ਅਧਾਰ ਉਤੇ ਕੀਤਾ ਜਾਵੇਗਾ- ਡਿਪਟੀ ਕਮਿਸ਼ਨਰ
-ਡਰੋਨ ਰਾਹੀਂ ਹੁੰਦੀ ਤਸਕਰੀ ਦੀ ਜਾਣਕਾਰੀ ਦੇਣ ਵਾਲੇ ਨੂੰ ਦਿੱਤਾ ਜਾਵੇਗਾ ਇਕ ਲੱਖ ਇਨਾਮ- ਜਿਲਾ ਪੁਲਿਸ ਮੁਖੀ
ਤਰਨਤਾਰਨ, 7 ਸਤੰਬਰ
ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਸਰਹੱਦੀ ਪਿੰਡ ਕਾਲੀਆ ਸਕੱਤਰਾ ਵਿਖੇ ਪਿੰਡ ਵਾਸੀਆਂ ਵੱਲੋਂ ਨਵੇਂ ਬਣਾਏ ਖੇਡ ਸਟੇਡੀਅਮ ਉਪਰ ਖੁਸ਼ੀ ਜ਼ਾਹਿਰ ਕਰਦੇ ਕਿਹਾ ਕਿ ਜੋ ਵੀ ਪਿੰਡ ਆਪਣੇ ਨੌਜਵਾਨਾਂ ਨੂੰ ਨਸ਼ੇ ਤੋਂ ਮੁੱਕਤ ਕਰੇਗਾ, ਉਨ੍ਹਾਂ ਪਿੰਡਾਂ ਦਾ ਵਿਕਾਸ ਪਹਿਲ ਦੇ ਅਧਾਰ ਉਤੇ ਕੀਤਾ ਜਾਵੇਗਾ। ਪੰਜਾਬ ਪੁਲਿਸ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਲਈ ਕਰਵਾਏ ਸਮਾਗਮ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਸ਼ਿਰਕਤ ਕੀਤੀ, ਮੌਕੇ ਬੋਲਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤੁਸੀਂ ਭਾਗਾਂ ਵਾਲੇ ਹੋ ਕਿ ਤਹਾਨੂੰ ਪਰਮਾਤਮਾ ਨੇ ਚੰਗੀ ਸਿਹਤ ਤੇ ਚੰਗੀ ਸੋਚ ਨਾਲ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਪਿੰਡ ਵਿੱਚ ਵੱਡੇ ਸ਼ਹਿਰ ਨਾਲੋਂ ਵਧੀਆ ਖੇਡ ਦਾ ਮੈਦਾਨ ਉਸਾਰਿਆ ਹੈ, ਜੋ ਕਿ ਤੁਹਾਡੀ ਸਿਹਤਮੰਦ ਅਤੇ ਭਵਿਖ ਮੁਖੀ ਸੋਚ ਦਾ ਪ੍ਤੀਕ ਹੈ। ਉਨ੍ਹਾਂ ਕਿਹਾ ਕਿ ਮੈਂ ਪਿੰਡ ਨੂੰ ਹੋਰ ਸਹੂਲਤਾਂ ਜਿਸ ਵਿੱਚ ਪੁੱਲ ਦੀ ਉਸਾਰੀ, ਖੇਡਾਂ ਦਾ ਸਮਾਨ, ਡਿਸਪੈਂਸਰੀ ਸ਼ਾਮਿਲ ਹਨ, ਦਿੱਤਾ ਜਾਵੇਗਾ।
ਇਸ ਮੌਕੇ ਸੰਬੋਧਨ ਕਰਦੇ ਜਿਲ੍ਹਾ ਪੁਲਿਸ ਮੁਖੀ ਸ ਰਣਜੀਤ ਸਿੰਘ ਢਿਲੋਂ ਨੇ ਕਿਹਾ ਕਿ ਨਸ਼ਾ ਤਸਕਰੀ ਸਾਡੇ ਦੁਸ਼ਮਣਾਂ ਦੀ ਸਾਨੂੰ ਕਮਜ਼ੋਰ ਕਰਨ ਦੀ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਡਰੋਨ ਰਾਹੀਂ ਹੁੰਦੀ ਤਸਕਰੀ ਰੋਕਣ ਲਈ ਜੋ ਵੀ ਵਿਅਕਤੀ ਸਾਡਾ ਸਾਥ ਦੇਵੇਗਾ, ਨੂੰ ਪੰਜਾਬ ਪੁਲਿਸ ਵੱਲੋਂ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਇੰਨੀ ਹੀ ਰਾਸ਼ੀ ਬੀ ਐਸ ਐਫ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ
ਤੁਸੀਂ ਉਹ ਬਹਾਦਰ ਲੋਕ ਹੋ, ਜਿੰਨਾ ਨੇ ਪਾਕਿਸਤਾਨੀ ਫੌਜ ਨੂੰ 1971 ਦੀ ਜੰਗ ਵਿੱਚ ਆਪਣੇ ਪਿੰਡ ਨਹੀਂ ਸਨ ਟੱਪਣ ਦਿੱਤੇ ਅਤੇ ਅੱਜ ਕੁੱਝ ਇਕ ਗਦਾਰ ਲੋਕ ਤੁਹਾਡੇ ਪਿੰਡਾਂ ਵਿੱਚ ਬੈਠ ਕੇ ਨੌਜਵਾਨਾਂ ਨੂੰ ਨਸ਼ੇ ਵਰਗਾ ਜ਼ਹਿਰ ਵੰਡ ਰਹੇ ਹਨ। ਉਨ੍ਹਾਂ ਅਜਿਹੇ ਗਦਾਰ ਲੋਕਾਂ ਵਿਰੁੱਧ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਬੋਲਦੇ ਡੀ ਐਸ ਪੀ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਤੁਹਾਡੇ ਨਾਲ ਹੈ, ਜੇਕਰ ਤੁਸੀਂ ਸਾਨੂੰ ਆਪਣਾ ਪਰਿਵਾਰ ਸਮਝ ਕੇ ਸਾਡਾ ਸਾਥ ਦਿਉ ਤਾਂ ਇਸ ਸਮਾਜਿਕ ਬੁਰਾਈ, ਜੋ ਕਿ ਸਾਡਾ ਭਵਿੱਖ ਤਬਾਹ ਕਰ ਰਹੀ ਹੈ, ਨੂੰ ਖਤਮ ਕਰਨਾ ਚੰਦ ਦਿਨਾਂ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਨੂੰ ਵਟਸਐਪ ਨੰਬਰ 75280-49000 ਉਤੇ ਨਸ਼ਾ ਤਸਕਰੀ ਬਾਰੇ ਸੂਚਨਾ ਦਿਉ, ਤੁਹਾਡਾ ਨਾਮ ਕਿਸੇ ਨਾਲ ਵੀ ਸਾਂਝਾ ਨਹੀਂ ਹੋਵੇਗਾ, ਪਰ ਨਸ਼ਾ ਤਸਕਰਾਂ ਵਿਰੁੱਧ ਠੋਸ ਕਾਰਵਾਈ ਯਕੀਨੀ ਹੋਵੇਗੀ। ਇਸ ਮੌਕੇ ਚੇਅਰਮੈਨ ਵੇਅਰ ਹਾਊਸ ਸ ਗੁਰਦੇਵ ਸਿੰਘ ਲਾਖਨਾ ਨੇ ਪੁਲਿਸ ਪ੍ਸਾਸ਼ਨ ਵੱਲੋਂ ਕੀਤੀ ਇਸ ਪਹਿਲ ਦਾ ਸਵਾਗਤ ਕਰਦੇ ਕਿਹਾ ਕਿ ਅਸੀਂ ਇਸ ਨੇਕ ਕੰਮ ਵਿੱਚ ਬਿਨਾ ਕਿਸੇ ਲਾਲਚ ਤੁਹਾਡੇ ਨਾਲ ਹਾਂ। ਉਨ੍ਹਾਂ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਜੇਕਰ ਸਾਨੂੰ ਪੁਲਿਸ ਨਾਲ ਮਿਲਕੇ ਠੋਸ ਕਦਮ ਵੀ ਚੁੱਕਣੇ ਪੈਣ ਤਾਂ ਵੀ ਅਸੀਂ ਤਿਆਰ ਹਾਂ। ਇਸ ਮੌਕੇ ਐਸ ਪੀ ਸ੍ਰੀ ਵਿਸ਼ਾਲਜੀਤ ਸਿੰਘ, ਐਸ ਐਚ ਓ ਜਗਦੀਪ ਸਿੰਘ, ਹਰਜੀਤ ਸਿੰਘ ਸਰਪੰਚ, ਪਰਤਾਪ ਸਿੰਘ ਫੌਜੀ, ਗੁਰਵਿੰਦਰ ਸਿੰਘ ਪ੍ਧਾਨ ਬਹਿੜਵਾਲ ਆਦਿ ਹਾਜ਼ਰ ਸਨ।
ਕੈਪਸ਼ਨ
ਪਿੰਡ ਕਾਲੀਆ ਸਕੱਤਰਾ ਵਿਖੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ। ਨਾਲ ਹਨ ਜਿਲ੍ਹਾ ਪੁਲਿਸ ਮੁਖੀ ਸ ਰਣਜੀਤ ਸਿੰਘ ਢਿਲੋਂ।