The flood victims will be adequately compensated by the Punjab government for the damage caused by the floods – Cabinet Minister Shri. Laljit Singh Bhullar
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਹੜ੍ਹਾਂ ਨਾਲ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜ੍ਹਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ- ਕੈਬਨਿਟ ਮੰਤਰੀ ਸ੍ਰ. ਲਾਲਜੀਤ ਸਿੰਘ ਭੁੱਲਰ
ਪੱਟੀ (ਤਰਨ ਤਾਰਨ), 20 ਜੁਲਾਈ :
ਹੜ੍ਹਾਂ ਨਾਲ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜ੍ਹਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕੀ ਮੈ ਲੋਕਾਂ ਦੀ ਸੇਵਾ ਵਿੱਚ ਹਮੇਸ਼ਾਂ ਹਾਜ਼ਰ ਹਾਂ ਅਤੇ ਹੜ੍ਹਾਂ ਦੇ ਪਾਣੀ ਨਾਲ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਮੱਦਦ ਕੀਤੀ ਜਾਵੇਗੀ।
ਪਿੰਡ ਮੁੱਠਿਆਂਵਾਲਾ ਵਿਖੇ ਪਹੁੰਚੇ ਕੈਬਨਿਟ ਮੰਤਰੀ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਦਿਨੀਂ ਹੜ੍ਹਾਂ ਦੇ ਪਾਣੀ ਕਾਰਨ ਪਿੰਡ ਮੁੱਠਿਆਂਵਾਲਾ ਵਿਖੇ ਜੋ ਦਰਿਆ ਸਤਲੁਜ ਦੇ ਬੰਨ੍ਹ ਵਿੱਚ ਪਾੜ ਪੈ ਗਿਆ ਸੀ, ਉਸਨੂੰ ਕਾਰਸੇਵਾ ਸਰਹਾਲੀ ਸੰਪਰਦਾਇ ਦੇ ਮੁਖੀ ਸੰਤ ਮਹਾਂਪੁਰਸ਼ ਬਾਬਾ ਸੁੱਖਾ ਸਿੰਘ ਜੀ, ਪਿੰਡਾਂ ਦੀ ਸੰਗਤ ਦੇ ਸਾਥ ਅਤੇ ਜ਼ਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਪੂਰ ਦਿੱਤਾ ਗਿਆ ਹੈ।ਉਹਨਾਂ ਦੱਸਿਆ ਕਿ ਇਸ ਨਾਲ ਹੁਣ ਪਾਣੀ ਦਾ ਵਹਾਅ ਲੱਗਭੱਗ 10 ਪਿੰਡਾਂ ਵਿੱਚ ਜਾਣੋ ਰੁਕ ਜਾਵੇਗਾ ਅਤੇ ਅਗਲੇ ਪਿੰਡਾਂ ਦਾ ਹੁਣ ਹੋਰ ਨੁਕਸਾਨ ਹੋਣੋਂ ਬੱਚ ਜਾਵੇਗਾ।
ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਤੌਰ ‘ਤੇ ਪੌਕਲੇਨ, ਜੇ. ਸੀ. ਬੀ., ਟਿੱਪਰ, ਟਰੈਕਟਰ ਟਰਾਲੇ ਅਤੇ ਸਾਰਾ ਡੀਜ਼ਲ ਮੁਹੱਈਆ ਕਰਵਾਇਆ ਗਿਆ।ਇਸ ਮੌਕੇ ਕੈਬਨਿਟ ਮੰਤਰੀ ਸ੍ਰ. ਭੁੱਲਰ ਨੇ ਸੰਗਤ ਦਾ ਬੰਨ੍ਹ ਨੂੰ ਬੰਨ੍ਹਣ ਦੇ ਵਿੱਚ ਸਾਥ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸੰਗਤ ਨੂੰ ਸਨਮਾਨਿਤ ਵੀ ਕੀਤਾ ਗਿਆ।
ਉਹਨਾਂ ਕਿਹਾ ਕਿ ਇਸ ਕੁਦਰਤੀ ਆਫ਼ਤ ਤੇ ਬਿਪਤਾ ‘ਤੇ ਲੋਕਾਂ ਅਤੇ ਸੰਗਤ ਦੇ ਸਹਿਯੋਗ ਨਾਲ ਹੀ ਕਾਬੂ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਰਾਜ ਦੇ ਲੋਕਾਂ ਨੂੰ ਹਰ ਸੰਭਵ ਰਾਹਤ ਪਹੁੰਚਾਈ ਜਾ ਰਹੀ ਹੈ।