Close

The pilot project of “Domestic Arsenic Removal” Unit launched at village Radhalke in the district has received overwhelming response

Publish Date : 08/02/2021
ਜ਼ਿਲ੍ਹੇ ਦੇ ਪਿੰਡ ਰਾਧਲਕੇ ਵਿੱਚ ਸ਼ੁਰੂ ਕੀਤੇ ਗਏ “ਡੋਮੈਸਟਿਕ ਆਰਸੈਨਿਕ ਰਿਮੂਵਲ” ਯੂਨਿਟ ਦੇ ਪਾਇਲਟ ਪ੍ਰੋਜੈਕਟ ਮਿਲਿਆ ਭਰਵਾਂ ਹੁੰਗਾਰਾ
ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਪਿੰਡ ਦੇ ਹਰੇਕ ਘਰ ਨੂੰ ਦਿੱਤਾ ਗਿਆ ਇੱਕ “ਡੋਮੈਸਟਿਕ ਆਰਸੈਨਿਕ ਰਿਮੂਵਲ” ਯੂਨਿਟ 
ਗੰਦਾ ਆਰਸੈਨਿਕ ਯੁਕਤ ਪੀਣ ਵਾਲੇ ਪਾਣੀ ਤੋਂ ਨਿਜਾਤ ਮਿਲਣ ‘ਤੇ ਪਿੰਡ ਵਾਸੀ ਬਹੁਤ ਖੁਸ਼ 
ਤਰਨ ਤਾਰਨ, 05 ਫਰਵਰੀ :
ਜਿਲ੍ਹਾ ਤਰਨ ਤਾਰਨ ਦੇ ਬਲਾਕ ਪੱਟੀ ਵਿੱਚ ਪੈਂਦੇ ਪਿੰਡ ਰਾਧਲਕੇ, ਜਿਸ ਦੀ ਕੁੱਲ ਅਬਾਦੀ 566 ਹੈ।ਦਰਿਆਈ ਏਰੀਆ ਨਜ਼ਦੀਕ ਸਥਿਤ ਹੋਣ ਕਰਕੇ ਇਸ ਪਿੰਡ ਦੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਠੀਕ ਨਹੀਂ ਸੀ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਰਨ ਤਾਰਨ ਵੱਲੋਂ ਇੱਥੋ ਦੇ ਪੀਣ ਵਾਲੇ ਪਾਣੀ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਪਾਣੀ ਵਿੱਚ ਆਰਸੈਨਿਕ ਦੀ ਮਾਤਰਾ ਵਧੇਰੇ ਪਾਈ ਗਈ।
ਪਿੰਡ ਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ, “ਡੋਮੈਸਟਿਕ ਆਰਸੈਨਿਕ ਰਿਮੂਵਲ” ਯੂਨਿਟ ਲਗਾਉਣ ਲਈ ਪਿੰਡ ਰਾਧਲਕੇ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਲਿਆ ਗਿਆ।  ਹਲਕਾ ਵਿਧਾਇਕ ਪੱਟੀ ਸ੍ਰੀ ਹਰਮਿੰਦਰ ਸਿੰਘ ਗਿੱਲ ਵੱਲੋਂ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆ ਹੋਇਆ ਪਿੰਡ ਰਾਧਲਕੇ ਵਿਖੇ ਹਰੇਕ ਘਰ ਨੂੰ ਇੱਕ “ਡੋਮੈਸਟਿਕ ਆਰਸੈਨਿਕ ਰਿਮੂਵਲ” ਯੂਨਿਟ ਦਿੱਤਾ ਗਿਆ।ਕੁੱਲ 95 ਡੋਮੇਸਟਿਕ ਆਰਸੈਨਿਕ ਰਿਮੂਵਲ ਯੂਨਿਟ ਪਿੰਡ ਵਿੱਚ ਵੰਡੇ ਗਏ।
ਇਸ ਤੋਂ ਪਹਿਲਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਟੈਕਨੀਕਲ ਅਤੇ ਸਮਾਜਿਕ ਸਟਾਫ਼ ਵੱਲੋਂ ਜਾਗਰੁਕਤਾ ਮੁਹਿੰਮ ਰਾਹੀਂ ਲੋਕਾਂ ਨੂੰ ਸਾਫ ਪੀਣ ਵਾਲੇ ਪ੍ਰਤੀ ਜਾਗਰੁਕ ਕੀਤਾ ਗਿਆ ਕਿ ਆਰਸੈਨਿਕ ਯੁਕਤ ਪਾਣੀ ਦਾ ਲੰਬੇ ਸਮੇਂ ਤੱਕ ਸੇਵਨ ਕਰਨ ਨਾਲ ਅੰਦਰੂਨੀ ਬਿਮਾਰੀਆਂ ਲੱਗਦੀਆਂ ਹਨ ਅਤੇ ਚਮੜੀ ਕੈਂਸਰ ਅਤੇ ਹੋਰ ਵੀ ਕਈ ਭਿਆਨਕ ਰੋਗ ਸਰੀਰ ਵਿੱਚ ਪੈਦਾ ਹੋ ਜਾਂਦੇ ਹਨ। ਪਿੰਡ ਦੇ ਲੋਕਾਂ ਵੱਲੋਂ ਵਿਭਾਗ ਨੂੰ ਜਲਦ ਤੋਂ ਜਲਦ ਡੋਮੇਸਟਿਕ ਆਰਸੈਨਿਕ ਰਿਮੂਵਲ ਯੂਨਿਟ ਦੇਣ ਦੀ ਮੰਗ ‘ਤੇ ਉਹਨਾਂ ਨੂੰ ਇਹ ਯੂਨਿਟ ਮੁਹੱਈਆ ਕਰਵਾਏ ਗਏ।
ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ‘ਤੇ ਪਿੰਡ ਵਾਸੀਆਂ ਵੱਲੋਂ “ ਡੋਮੇਸਟਿਕ ਆਰਸੈਨਿਕ ਰਿਮੂਵਲ” ਯੂਨਿਟ ਦੇ ਹੋਏ ਲਾਭ ਦੱਸਿਆ ਗਿਆ। ਪਿੰਡ ਵਾਸੀ ਨਰਿੰਦਰ ਕੌਰ ਦਾ ਕਹਿਣਾ ਹੈ ਕਿ ਪਹਿਲਾਂ ਅਸੀਂ ਘਰ ਵਿੱਚ ਲੱਗੇ ਸਬਮਸੀਬਲ ਮੋਟਰ ਦਾ ਪਾਣੀ ਪੀਂਦੇ ਸੀ, ਜਦ ਵਿਭਾਗ ਵੱਲੋਂ ਪੀਣ ਵਾਲੇ ਪਾਣੀ ਦੀ ਜਾਂਚ ਕੀਤੀ ਗਈ ਤਾ ਪਾਣੀ ਪੀਣ ਯੋਗ ਨਹੀਂ ਸੀ ਫਿਰ ਸਾਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਤਰਨ ਤਾਰਨ ਵੱਲੋਂ ਆਰ.ਓ ਦਿੱਤੇ ਗਏੇ।ਹੁਣ ਅਸੀਂ ਇਸ ਆਰ. ਓ ਦਾ ਪਾਣੀ ਪੀਦੇਂ ਹਾਂ ਅਤੇ ਘਰੇਲੂ ਕੰਮਾਂ ਵਿੱਚ ਇਸਦੀ ਵਰਤੋਂ ਕਰਦੇ ਹਾਂ।
ਪਿੰਡ ਦੀ ਹੀ ਵਸਨੀਕ ਸੰਦੀਪ ਕੌਰ ਦਾ ਕਹਿਣਾ ਹੈ ਕਿ ਸਾਡਾ ਪੀਣ ਵਾਲਾ ਪਾਣੀ ਬਹੁਤ ਖਰਾਬ ਸੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਤਰਨ ਤਾਰਨ ਵੱਲੋਂ ਸਾਨੂੰ  ਆਰ. ਓ ਦਿੱਤੇ ਗਏੇ। ਇਸ ਆਰ. ਓ ਨਾਲ ਅਸੀਂ ਘਰ ਦੇ ਸਾਰੇ ਘਰੇਲੂ ਕੰਮ ਕਰਦੇ ਹਾਂ ਇਸ ਆਰ.ਓ ਦਾ ਪਾਣੀ ਪੀਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਹੋਇਆ ਹੈ ਅਤੇ ਇਹ ਆਰ. ਓ ਬਿਜਲੀ ਤੋਂ ਬਿਨ੍ਹਾ ਚੱਲਦਾ ਹੋਣ ਕਰਕੇ ਪੀਣ ਵਾਲੇ ਪਾਣੀ ਤੇ ਹੋਣ ਵਾਲਾ ਖਰਚਾ ਘਟਿਆ ਹੈ ਅਤੇ ਵਿੱਤੀ ਤੌਰ ‘ਤੇ ਵੀ ਵਧੀਆ ਸਾਬਤ ਹੋਇਆ ਹੈ।
ਪਿੰਡ ਵਾਸੀਆਂ ਵੱਲੋਂ ਇਹਨਾਂ ਆਰਸੈਨਿਕ ਰਿਮੂਵਲ ਯੂਨਿਟਾਂ ਦੀ ਵਰਤੋਂ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਇਸ ਪਾਣੀ ਦੀ ਵਰਤੋਂ ਜਿਵੇਂ ਕਿ ਪੀਣ ਲਈ, ਖਾਣਾ ਬਣਾਉਣ ਲਈ, ਚਾਹ ਬਣਾਉਣ ਆਦਿ ਲਈ ਵਰਤੋਂ ਕਰਦੇ ਹਨ।ਪਿੰਡ ਵਾਸੀ ਬਹੁਤ ਖੁਸ਼ ਹਨ, ਕਿੳਂੁਕਿ ਗੰਦਾ ਆਰਸੈਨਿਕ ਯੁਕਤ ਪੀਣ ਵਾਲੇ ਪਾਣੀ ਤੋਂ ਹੁਣ ਉਹਨਾਂ ਨੂੰ ਨਿਜਾਤ ਮਿਲ ਗਈ ਹੈ।ਪਿੰਡ ਵਾਸੀਆਂ ਵੱਲੋਂ ਇਹਨਾਂ ਆਰਸੈਨਿਕ ਰਿਮੂਵਲ ਯੂਨਿਟਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਪਿੰਡ ਦੇ ਸਰਪੰਚ ਸ੍ਰੀ ਕੁਲਦੀਪ ਸਿੰਘ ਵੱਲੋਂ ਪੰਜਾਬ ਸਰਕਾਰ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਰਨ ਤਾਰਨ ਦੇ ਇਸ ਸ਼ਲਾਘਾਯੋਗ ਕਦਮ ਲਈ ਧੰਨਵਾਦ ਕੀਤਾ ਗਿਆ।