To be aware of eye diseases in the rainy season, the health department has issued an advisory regarding eye flu-Deputy Commissioner
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਬਰਸਾਤੀ ਮੌਸਮ ਵਿੱਚ ਅੱਖਾਂ ਦੀਆਂ ਬੀਮਾਰੀਆਂ ਤੋਂ ਸੁਚੇਤ ਰਹਿਣ ਲਈ ਸਿਹਤ ਵਿਭਾਗ ਵੱਲੋਂ ਆਈ ਫਲੂ ਸਬੰਧੀ ਐਡਵਾਈਜ਼ਰੀ ਜਾਰੀ-ਡਿਪਟੀ ਕਮਿਸ਼ਨਰ
ਤਰਨ ਤਾਰਨ, 01 ਅਗਸਤ :
ਬਰਸਾਤੀ ਮੌਸਮ ਵਿੱਚ ਜਲਦੀ ਫੈਲਣ ਵਾਲੀਆਂ ਬੀਮਾਰੀਆਂ ਵਿੱਚ ਅੱਖਾਂ ਦੀਆਂ ਬੀਮਾਰੀਆਂ ਵੀ ਆਮ ਹਨ, ਖਾਸ ਕਰਕੇ ਇਸ ਮੌਸਮ ਵਿੱਚ “ਆਈ ਫਲੂ” ਬਹੁਤ ਤੇਜ਼ੀ ਨਾਲ ਫੈਲਣ ਵਾਲਾ ਰੋਗ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀਮਤੀ ਬਲਦੀਪ ਕੌਰ ਨੇ ਕਿਹਾ ਕਿ ਬਰਸਾਤੀ ਮੌਸਮ ਵਿੱਚ ਅੱਖਾਂ ਦੀਆਂ ਬੀਮਾਰੀਆਂ ਤੋਂ ਸੁਚੇਤ ਰਹਿਣ ਅਤੇ ਸਾਫ਼ ਸਫਾਈ ਦਾ ਵਿਸ਼ੇਸ ਧਿਆਨ ਰੱਖਣ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਵਾਸੀਆਂ ਨੂੰ ਅਜੋਕੇ ਮੌਸਮ ਵਿੱਚ ਅੱਖਾਂ ਦੇ ਰੋਗਾਂ ਤੋਂ ਬਚਾਅ ਲਈ ਅਤੇ ਅੱਖਾਂ ਦੀ ਉੱਚਿਤ ਸਿਹਤ ਸੰਭਾਲ ਲਈ ਇਹ ਹੈੱਲਥ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਵਿੱਚ ਤੇਜ਼ੀ ਨਾਲ ਫੈਲਣ ਵਾਲੇ ਕੰਜਕਟਿਵਾਈਟਿਸ/ਆਈ ਫਲੂ ਤੋਂ ਚੌਕਸ ਰਹਿਣ ਦੀ ਲੋੜ ਹੈ।
ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਨੇ ਇਸ ਰੋਗ ਦੇ ਲੱਛਣਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਸ ਵਿੱਚ ਅੱਖਾਂ ਦਾ ਸੁੱਜਣਾਂ, ਲਾਲੀ ਅੱਖਾਂ ਵਿੱਚ ਰੜਕ ਪੈਣੀ ਮੁੱਖ ਲੱਛਣ ਹਨ। ਅੱਖਾਂ ਵਿੱਚ ਵਧੇਰੇ ਗਿੱਡ ਆ ਸਕਦੀ ਹੈ ਅਤੇ ਬੱਚਿਆਂ ਵਿੱਚ ਬੁਖਾਰ ਵੀ ਹੋ ਸਕਦਾ ਹੈ। ਆਈ ਫਲੂ ਤੋਂ ਬਚਾਅ ਅਤੇ ਇਸ ਰੋਗ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਰੋਗ, ਪੀੜ੍ਹਤ ਵਿਅਕਤੀ ਦੀਆਂ ਅੱਖਾਂ ਵੱਲ ਦੇਖਣ ਨਾਲ ਨਹੀਂ ਫੈਲਦਾ, ਸਗੋਂ ਪੀੜ੍ਹਤ ਵਿਅਕਤੀ ਨਾਲ ਤੋਲੀਆ, ਮੇਕਅੱਪ ਆਦਿ ਵਸਤਾਂ ਸਾਂਝੀਆ ਕਰਨ ਨਾਲ ਫੈਲ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਰੋਗ ਤੋਂ ਬਚਾਅ ਲਈ ਹੱਥਾਂ ਨੂੰ ਸਮੇਂ-ਸਮੇਂ ਤੇ ਸਾਬਣ ਪਾਣੀ ਨਾਲ ਚੰਗੀ ਤਰਾਂ ਸਾਫ ਕੀਤਾ ਜਾਵੇ, ਪੀੜਤ ਵਿਅਕਤੀ ਸਵਿਮਿੰਗ ਨਾ ਕਰੇ, ਅੱਖਾਂ ਨੂੰ ਦਿਨ ਵਿੱਚ ਦੋ ਤਿੰਨ ਵਾਰ ਸਾਫ ਪਾਣੀ ਨਾਲ ਸਾਫ ਕੀਤਾ ਜਾਵੇ ਅਤੇ ਗਹਿਰੇ ਰੰਗ ਦੇ ਧੁੱਪ ਵਾਲੇ ਚਸ਼ਮੇ ਦਾ ਇਸਤੇਮਾਲ ਕਰਨ ਤੋਂ ਇਲਾਵਾ ਆਪਣੇ ਆਲੇ ਦੁਆਲੇ ਅਤੇ ਨਿੱਜੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਬਿਨ੍ਹਾ ਡਾਕਟਰੀ ਸਲਾਹ ਤੋਂ ਅੱਖਾਂ ਲਈ ਕਿਸੇ ਵੀ ਦਵਾਈ ਦੀ ਵਰਤੋਂ ਨਾ ਕੀਤੀ ਜਾਵੇ।