Training for school principals on National Achievement Survey

ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਸਕੂਲ ਮੁਖੀਆਂ ਨੂੰ ਦਿੱਤੀ ਸਿਖਲਾਈ
ਤਰਨਤਾਰਨ, 25 ਜੁਲਾਈ :
ਸਿੱਖਿਆ ਦੇ ਖੇਤਰ ‘ਚ ਦੇਸ਼ ਦੇ ਅੱਵਲ ਨੰਬਰ ਸੂਬੇ ਪੰਜਾਬ ਵੱਲੋਂ ਆਪਣੇ ਖਿਤਾਬ ਨੂੰ ਕਾਇਮ ਰੱਖਣ ਲਈ ਕੇਂਦਰ ਸਰਕਾਰ ਵੱਲੋਂ ਨਵੰਬਰ ਮਹੀਨੇ ‘ਚ ਕਰਵਾਏ ਜਾਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ (ਨੈਸ) ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਜਿਸ ਤਹਿਤ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਤਰਨਤਾਰਨ ਸ਼੍ਰੀ ਸਤਿਨਾਮ ਸਿੰਘ ਬਾਠ ਨੇ ਦੱਸਿਆ ਕਿ ਜਿਲ੍ਹੇ ਦੇ ਸਾਰੇ ਨੌਂ ਬਲਾਕਾਂ ਦੇ ਪ੍ਰਿੰਸੀਪਲਾਂ ਤੇ ਹਾਈ ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਨੈਸ ਦੀ ਤਿਆਰੀ ਸਬੰਧੀ ਸਿਖਲਾਈ ਬਲਾਕ ਵਾਰ ਮੁਕੰਮਲ ਕਰ ਲਈ ਗਈ ਹੈ, ਇਸ ਮੁਹਿੰਮ ਤਹਿਤ ਬਲਾਕ ਨੋਡਲ ਅਫਸਰਾਂ ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਂਬਰਾਂ ਵੱਲੋਂ ਨੈਸ ਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ ਗਿਆ।
ਡੀ.ਈ.ਓ. (ਸੈ.ਸਿੱ.) ਤਰਨਤਾਰਨ ਸ਼੍ਰੀ ਸਤਿਨਾਮ ਸਿੰਘ ਬਾਠ ਨੇ ਵੱਖ-ਵੱਖ ਥਾਵਾਂ ‘ਤੇ ਸਕੂਲ ਮੁਖੀਆਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਨਵੰਬਰ ਮਹੀਨੇ ‘ਚ ਹੋਣ ਵਾਲੇ ਨੈਸ ਦੀ ਤਿਆਰੀ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਅਗਸਤ, ਸਤੰਬਰ ਤੇ ਅਕਤੂਬਰ ਮਹੀਨੇ ਦੇ ਪਹਿਲੇ ਹਫਤਿਆਂ ਦੌਰਾਨ ਮਸ਼ਕਾਂ ਕੀਤੀਆਂ ਜਾਣਗੀਆਂ। ਜਿਸ ਤਹਿਤ ਨੈਸ ਦੀ ਤਰਜ਼ ‘ਤੇ ਰਾਜ ਦੇ ਸਾਰੇ ਸਰਕਾਰੀ ਸਕੂਲਾਂ ‘ਚ ਤਿੰਨ੍ਹ ਪੜਾਵਾਂ ‘ਚ ਅਭਿਆਸ ਕੀਤਾ ਜਾਵੇਗਾ। ਇਸ ਉਪਰੰਤ ਜਦੋਂ ਵੀ ਨੈਸ ਹੁੰਦਾ ਤਾਂ ਉਸੇ ਦਿਨ ਹੀ ਰਾਜ ਭਰ ਦੇ ਹਰੇਕ ਸਕੂਲ ਤੇ ਵਿਦਿਆਰਥੀਆਂ ‘ਤੇ ਅਧਾਰਤ ਪੰਜਾਬ ਅਚੀਵਮੈਂਟ ਸਰਵੇ (ਪੈਸ) ਵੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨੈਸ ਤਹਿਤ ਰਾਜ ਦੇ ਚੋਣਵੇਂ ਸਕੂਲਾਂ ‘ਚ ਸਰਵੇਖਣ ਹੋਵੇਗਾ ਜਦਕਿ ਪੈਸ ਰਾਜ ਦੇ ਹਰੇਕ ਸਕੂਲ ਤੇ ਵਿਦਿਆਰਥੀ ਨੂੰ ਆਪਣੇ ਕਲਾਵੇ ‘ਚ ਲਵੇਗਾ।
ਇਸੇ ਦੌਰਾਨ ਡਿਪਟੀ ਡੀ.ਈ.ਓ. (ਐਲੀ.ਸਿੱ.) ਗੁਰਬਚਨ ਸਿੰਘ ਨੇ ਸਕੂਲ ਮੁਖੀਆਂ ਨੂੰ ਨੈਸ਼ਨਲ ਅਚੀਵਮੈਂਟ ਸਰਵੇਖਣ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਰਵੇਖਣ ਸਕੂਲਾਂ ਦੀ ਵਿਦਿਅਕ ਗੁਣਵੱਤਾ, ਵਿੱਦਿਅਕ ਗਤੀਵਿਧੀਆਂ ਨਾਲ ਸਬੰਧਤ ਸਮੱਗਰੀ ਤੇ ਸਹੂਲਤਾਂ, ਸਕੂਲ ਪ੍ਰਬੰਧਨ ਤੇ ਸਕੂਲਾਂ ਦੇ ਸਮਾਜ ‘ਚ ਪ੍ਰਭਾਵ ਬਾਰੇ ਸਰਵੇਖਣ ਹੋਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਤਿਆਰ ਕੀਤੇ ਗਏ ਨਮੂਨੇ ਦੀ ਪ੍ਰਸ਼ਨਾਵਲੀ ਜਿਲ੍ਹੇ ਦੇ ਹਰੇਕ ਸਕੂਲ ਤੱਕ ਪੁੱਜਦੀ ਕੀਤੀ ਜਾ ਚੁੱਕੀ ਹੈ। ਜਿਸ ਤਹਿਤ ਹੀ ਨੈਸ ਦੀ ਯੋਜਨਾਬੱਧ ਤਰੀਕੇ ਨਾਲ ਤਿਆਰੀ ਕੀਤੀ ਜਾਵੇਗੀ।