Close

Under “Mission Fateh” district administration launch awareness campaign ..Deputy Commissioner Mr. Pardeep Kumar Sabharwal gave green signal to the campaign vehicles

Publish Date : 15/06/2020
DC

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਮਿਸ਼ਨ ਫ਼ਤਿਹ”
“ਮਿਸ਼ਨ ਫਤਿਹ” ਤਹਿਤ ਜ਼ਿਲ੍ਹੇ ਭਰ ਵਿਚ ਚੱਲਣ ਵਾਲੀ ਜਾਗਰੂਕਤਾ ਮੁਹਿੰਮ ਦਾ ਅਗਾਜ਼
ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਪ੍ਰਚਾਰ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ 15 ਤੋਂ 21 ਜੂਨ ਤੱਕ ਹਫ਼ਤਾ ਭਰ ਜ਼ਮੀਨੀ ਪੱਧਰ ‘ਤੇ ਹੋਣਗੀਆਂ ਜਨ-ਜਾਗਰੂਕਤਾ ਗਤੀਵਿਧੀਆਂ
ਪੰਜਾਬ ਸਰਕਾਰ ਵੱਲੋਂ ਸ਼ੂਰੂ ਕੀਤੀ ਗਈ ਕੋਵਾ ਐਪ ਰਾਹੀਂ ਹੋਵੇਗੀ “ਮਿਸ਼ਨ ਫ਼ਤਿਹ ਯੋਧਿਆਂ” ਦੀ ਚੋਣ
ਤਰਨ ਤਾਰਨ, 14 ਜੂਨ :
ਪੰਜਾਬ ਸਰਕਾਰ ਵੱਲੋਂ “ਮਿਸ਼ਨ ਫਤਿਹ” ਤਹਿਤ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਜ਼ਰੂਰੀ ਉਪਾਵਾਂ ਸਬੰਧੀ ਜ਼ਮੀਨੀ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਜਨ-ਜਾਗਰੂਕਤਾ ਮੁਹਿੰਮ ਨੂੰ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ।
ਇਸ ਤਹਿਤ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜ਼ਿਲੇ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਕੋਵਿਡ-19 ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਪ੍ਰਤੀ ਜਾਗਰੁਕ ਕਰਨ ਲਈ ਚਲਾਏ ਜਾਣ ਵਾਲੇ ਪ੍ਰਚਾਰ ਵਾਹਨਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਮਨਪ੍ਰੀਤ ਸਿੰਘ ਅਤੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਜ ਨੂੰ ਕੋਵਿਡ-19 ਮਹਾਂਮਾਰੀ ਤੋਂ ਮੁਕਤ ਕਰਨ ਲਈ ਚਲਾਈ ਗਈ ਜਨ-ਜਾਗਰੂਕਤਾ ਮੁਹਿੰਮ “ਮਿਸ਼ਨ ਫ਼ਤਿਹ” ਤਹਿਤ ਜ਼ਿਲੇ ਵਿੱਚ 15 ਜੂਨ ਤੋਂ 21 ਜੂਨ ਤੱਕ ਹਫ਼ਤਾ ਭਰ ਜ਼ਮੀਨੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨਾਂ ਦੱਸਿਆ ਕਿ “ਮਿਸ਼ਨ ਫ਼ਤਿਹ” ਦਾ ਮੰਤਵ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸੁਝਾਈਆਂ ਗਈਆਂ ਸਾਵਧਾਨੀਆਂ ਦਾ ਅਮਲੀ ਰੂਪ ਵਿੱਚ ਪਾਲਣ ਕਰਵਾਉਣ ਲਈ ਜਾਗਰੂਕ ਕਰਨਾ ਹੈ। ਉਨਾਂ ਦੱਸਿਆ ਕਿ 15 ਜੂਨ ਨੂੰ ਅਧਿਕਾਰਿਤ ਤੌਰ ’ਤੇ ਮਿਸ਼ਨ ਫ਼ਤਿਹ ਤਹਿਤ ਹੋਣ ਵਾਲੀਆਂ ਜ਼ਮੀਨੀ ਗਤੀਵਿਧੀਆਂ ਦੀ ਆਰੰਭਤਾ ਕੀਤੀ ਜਾਵੇਗੀ।
ਸ੍ਰੀ ਸੱਭਰਵਾਲ ਨੇ ਵੱਖ-ਵੱਖ ਵਿਭਾਗਾਂ ਵੱਲੋਂ ਕਰਵਾਈਆਂ ਜਾਣ ਵਾਲੀਆਂ ਸਪਤਾਹਿਕ ਗਤੀਵਿਧੀਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ 15 ਜੂਨ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਕੋਰੋਨਾ ਯੋਧਿਆਂ ਨੂੰ ਸਰਕਾਰ ਵਲੋਂ ਮਿਸ਼ਨ ਫ਼ਤਿਹ ਦਾ ਪ੍ਰਤੀਕ ਬੈਜ ਦੇਣ ਦੀ ਰਸਮ ਨਿਭਾਈ ਜਾਵੇਗੀ। ਕੋਰੋਨਾ ਯੋਧਿਆਂ ਵਲੋਂ ਇਹ ਬੈਜ ਲਗਾਕੇ ਅਤੇ ਮਾਸਕ ਪਾ ਕੇ ਆਪਣੀ ਸੈਲਫ਼ੀ ਖਿੱਚ ਕੇ ਕੋਵਾ ਐਪ ‘ਤੇ ਅਪਲੋਡ ਕਰਨ ਲਈ ਜ਼ਿਲਾ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ।ਇਨਾਂ ਕੋਰੋਨਾ ਯੋਧਿਆਂ ਵਿੱਚ ਪ੍ਰਸ਼ਾਸਨਿਕ, ਪੁਲਿਸ, ਡਾਕਟਰ, ਮੈਡੀਕਲ ਸਟਾਫ਼, ਆਸ਼ਾ ਵਰਕਰ, ਆਂਗਨਵਾੜੀ ਵਰਕਰ, ਸਫ਼ਾਈ ਵਰਕਰ, ਜੀ. ਓ. ਜੀਜ਼, ਸਰਪੰਚ, ਸਵੈ-ਸੇਵੀ ਸੰਗਠਨ ਆਦਿ ਸ਼ਾਮਿਲ ਹੋਣਗੇ। ਇਸ ਤੋਂ ਬਾਅਦ 16 ਜੂਨ ਨੂੰ ਆਂਗਨਵਾੜੀ ਵਰਕਰਾਂ ਵਲੋਂ ਬੈਜ ਲਗਾ ਕੇ ਆਪੋ ਆਪਣੇ ਪਿੰਡ ਦੇ ਆਂਗਨਵਾੜੀਆਂ ਵਿੱਚ ਆਉਣ ਵਾਲੇ ਬੱਚਿਆਂ ਦੇ ਘਰਾਂ ਦਾ ਦੌਰਾ ਕੀਤਾ ਜਾਵੇਗਾ ਅਤੇ ਉਨਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਦੱਸ ਕੇ ਪ੍ਰੇਰਿਤ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ 17 ਜੂਨ ਨੂੰ ਪਿੰਡਾਂ ਦੇ ਸਰਪੰਚਾਂ ਵਲੋਂ ਬੈਜ ਲਗਾ ਕੇ ਪਿੰਡ ਦੇ ਲੋਕਾਂ ਨੂੰ ਮਿਲਿਆ ਜਾਵੇਗਾ ਅਤੇ ਕੋਵਿਡ ਦੀ ਰੋਕਥਾਮ ਲਈ ਅਹਿਮ ਬਚਾਅ ਪ੍ਰਬੰਧਾਂ ਬਾਰੇ ਜਾਗਰੂਕ ਕੀਤਾ ਜਾਵੇਗਾ। 18 ਜੂਨ ਨੂੰ ਜ਼ਿਲੇ ਵਿੱਚ ਮੁੜ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਜ਼ਿਲੇ ਦੀਆਂ ਐਨ. ਜੀ. ਓਜ਼. ਵਲੋਂ ਬੈਜ ਲਗਾ ਕੇ ਆਪੋ ਆਪਣੇ ਇਲਾਕੇ ਵਿੱਚ ਅਜਿਹੀਆਂ ਜਾਗਰੂਕ ਗਤੀਵਿਧੀਆਂ 19 ਜੂਨ ਨੂੰ ਕੀਤੀਆਂ ਜਾਣਗੀਆਂ। ਜ਼ਿਲਾ ਪੁਲਿਸ ਵਲੋਂ ਬੈਜ ਲਗਾ ਕੇ ਲੋਕਾਂ ਨੂੰ ਕੋਵਿਡ-19 ਪ੍ਰਤੀ ਸਾਵਧਾਨ ਕਰਨ ਦੀ ਗਤੀਵਿਧੀ ਦਾ ਦਿਨ 20 ਜੂਨ ਮਿੱਥਿਆ ਗਿਆ ਹੈ, ਜਦਕਿ ਨਗਰ ਕੌਂਸਲਾਂ ਵਲੋਂ ਰੈਜੀਡੈਂਟ ਵੈਲਫੇਅਰ ਕਮੇਟੀਆਂ ਤੇ ਸ਼ਹਿਰੀਆਂ ਰਾਹੀਂ ਜਾਗਰੂਕਤਾ ਮੁਹਿੰਮ 21 ਜੂਨ ਨੂੰ ਚਲਾਈ ਜਾਵੇਗੀ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕੋਵਾ ਐਪ ‘ਤੇ ਕੋਵਿਡ-19 ਦੀਆਂ ਸਾਵਧਾਨੀਆਂ ਤਹਿਤ ਆਪਣੀ ਫੋਟੋ ਅਪਲੋਡ ਕਰਨ ਵਾਲੇ ਵਿਅਕਤੀ/ਸੰਸਥਾ ਦੀ ਚੋਣ ਸੂਬਾਈ ਪੱਧਰ ‘ਤੇ ਕੀਤੀ ਜਾਵੇਗੀ, ਜਿਸ ਦੀ ਸੂਚੀ ਜ਼ਿਲਾ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ ਤਾਂ ਜੋ ਉਨਾਂ ਨੂੰ ਬੈਜ ਅਤੇ ਟੀ-ਸ਼ਰਟ ਰਾਹੀਂ ਹੌਂਸਲਾ ਅਫ਼ਜਾਈ ਕੀਤੀ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਾ ਐਪ ਰਾਹੀਂ “ਮਿਸ਼ਨ ਫਤਿਹ ਯੋਧਿਆਂ” ਦੀ ਚੋਣ ਹੋਵੇਗੀ।ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਲੋਕ “ਕੋਵਾ” ਐਪ ਆਪਣੇ ਮੋਬਾਇਲ ਵਿਚ ਡਾਊਨਲੋਡ ਕਰਨ ਅਤੇ ਇਸ ਤਹਿਤ ਕੋਵਾ ਐਪ ਤੇ ਰਜਿਸਟ੍ਰੇਸ਼ਨ 17 ਜੂਨ ਤੋਂ ਸ਼ੁਰੂ ਹੋਵੇਗੀ।
————–