Close

Under “Mission Fateh”, the Department of Health will collect information through “Door to Door Monitoring” app to control the Covid-19 epidemic – Deputy Commissioner

Publish Date : 22/06/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਮਿਸ਼ਨ ਫ਼ਤਿਹ” ਤਹਿਤ ਕੋਵਿਡ-19 ਮਹਾਂਮਾਰੀ ’ਤੇ ਕੰਟਰੋਲ ਲਈ ਸਿਹਤ ਵਿਭਾਗ ਵੱਲੋਂ “ਘਰ ਘਰ ਨਿਗਰਾਨੀ” ਐਪ ਰਾਹੀਂ ਇਕੱਠੀ ਕੀਤੀ ਜਾਵੇਗੀ ਜਾਣਕਾਰੀ-ਡਿਪਟੀ ਕਮਿਸ਼ਨਰ
ਕੋਰੋਨਾ ਵਾਇਰਸ ਦੀ ਜਲਦੀ ਸ਼ਨਾਖਤ ਅਤੇ ਟੈਸਟਿੰਗ ਲਈ ਸਹਾਈ ਸਿੱਧ ਹੋਵੇਗੀ “ਘਰ-ਘਰ ਨਿਗਰਾਨੀ” ਐਪ ਰਾਹੀਂ ਇਕੱਠੀ ਕੀਤੀ ਜਾਣਕਾਰੀ
30 ਸਾਲ ਤੋਂ ਵੱਧ ਉਮਰ ਦੀ ਜ਼ਿਲ੍ਹੇ ਦੀ ਸਾਰੀ ਸ਼ਹਿਰੀ ਤੇ ਪੇਂਡੂ ਵਸੋਂ ਦਾ ਕੀਤਾ ਜਾਵੇਗਾ ਸਰਵੇਖਣ
ਸਾਹ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਦਾ ਵੀ ਕੀਤਾ ਜਾਵੇਗਾ ਸਰਵੇਖਣ
ਤਰਨ ਤਾਰਨ, 20 ਜੂਨ :
ਕੋਵਿਡ-19 ਮਹਾਂਮਾਰੀ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ “ਮਿਸ਼ਨ ਫ਼ਤਿਹ” ਤਹਿਤ ਆਪਣੀ ਕਿਸਮ ਦੀ ਨਿਵੇਕਲੀ ਪਹਿਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਜਾਰੀ ਮੋਬਾਈਲ ਆਧਾਰਿਤ ਐਪ “ਘਰ ਘਰ ਨਿਗਰਾਨੀ” ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੇ ਸੰਭਾਵੀ ਲੱਛਣਾਂ ਨਾਲ ਪੀੜ੍ਹਤਾਂ ਨੂੰ ਲੱਭਣ ’ਚ ਬਹੁਤ ਹੀ ਅਹਿਮ ਸਿੱਧ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਐਪ ਰਾਹੀਂ ਸੂਬੇ ਦੇ ਹਰ ਘਰ ’ਤੇ ਉਦੋਂ ਤੱਕ ਨਜ਼ਰਸਾਨੀ ਕੀਤੀ ਜਾਵੇਗੀ, ਜਦੋਂ ਤੱਕ ਇਸ ਮਹਾਂਮਾਰੀ ਦਾ ਮੁਕੰਮਲ ਖਾਤਮਾ ਨਹੀਂ ਹੋ ਜਾਂਦਾ। ਉਨ੍ਹਾਂ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਚਲਾਈ ਗਈ, ਇਹ ਮੁਹਿੰਮ ਕੋਰੋਨਾ ਵਾਇਰਸ ਦੀ ਜਲਦੀ ਸ਼ਨਾਖਤ ਅਤੇ ਟੈਸਟਿੰਗ ਲਈ ਸਹਾਈ ਸਿੱਧ ਹੋਵੇਗੀ ਜਿਸ ਨਾਲ ਸਮੂਹਿਕ ਫੈਲਾਅ ਰੋਕਣ ਵਿੱਚ ਮੱਦਦ ਮਿਲੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 30 ਸਾਲ ਤੋਂ ਵੱਧ ਉਮਰ ਦੀ ਜ਼ਿਲ੍ਹੇ ਦੀ ਸਾਰੀ ਸ਼ਹਿਰੀ ਤੇ ਪੇਂਡੂ ਵਸੋਂ ਦਾ ਸਰਵੇਖਣ ਕੀਤਾ ਜਾਵੇਗਾ।ਇਸ ਵਿੱਚ 30 ਸਾਲ ਤੋਂ ਘੱਟ ਉਮਰ ਦੇ ਸਾਹ ਦੀ ਬਿਮਾਰੀ ਤੋਂ ਪੀੜਤ, ਹੋਰ ਗੰਭੀਰ ਸਹਿ ਰੋਗਾਂ ਜਿਵੇਂ ਡਾਇਬਟੀਜ਼, ਦਿਲ ਦੇ ਰੋਗ, ਗੁਰਦੇ ਦੇ ਰੋਗ, ਜਿਗਰ ਦੇ ਰੋਗ, ਸਟ੍ਰੋਕ, ਟੀ.ਬੀ. ਆਦਿ ਦੇ ਸ਼ਿਕਾਰ ਵਿਅਕਤੀਆਂ ਨੂੰ ਅਤੇ ਕੋਰੋਨਾ ਦੇ ਲੱਛਣ ਵਾਲੇ ਵਿਅਕਤੀਆਂ ਨੂੰ ਵੀ ਕਵਰ ਕੀਤਾ ਜਾਵੇਗਾ।
ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਆਸ਼ਾ ਤੇ ਕਮਿਊਨਿਟੀ ਵਲੰਟੀਅਰ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਇਕ ਵਾਰ ਗਤੀਵਿਧੀ ਨਹੀਂ ਬਲਕਿ ਇਹ ਨਿਰੰਤਰ ਪ੍ਰਕਿਰਿਆ ਹੋਵੇਗੀ, ਜਿਹੜੀ ਕੋਵਿਡ ਦੇ ਮੁਕੰਮਲ ਖਾਤਮੇ ਤੱਕ ਚੱਲੇਗੀ। ਸਰਵੇਖਣ ਤਹਿਤ ਹਰੇਕ ਵਿਅਕਤੀ ਦੀ ਪਿਛਲੇ ਇਕ ਹਫ਼ਤੇ ਤੋਂ ਪੂਰੀ ਮੈਡੀਕਲ ਸਥਿਤੀ ਅਤੇ ਕੋਰੋਨਾ ਦੇ ਨਾਲ-ਨਾਲ ਹੋਰਨਾਂ ਬਿਮਾਰੀਆਂ ਤੋਂ ਪੀੜਤ ਵਿਅਕਤੀ ਦਾ ਮੁਕੰਮਲ ਡਾਟਾ ਤਿਆਰ ਕੀਤਾ ਜਾਵੇਗਾ। ਇਸ ਨਾਲ ਬਹੁਤ ਹੀ ਮਹੱਤਵਪੂਰਨ ਡਾਟਾਬੇਸ ਤਿਆਰ ਹੋਵੇਗਾ ਜਿਹੜਾ ਕੋਵਿਡ ਨਾਲ ਨਜਿੱਠਣ ਲਈ ਅੱਗੇ ਦੀ ਰਣਨੀਤੀ ਉਲੀਕਣ ਲਈ ਮੱਦਦਗਾਰ ਸਾਬਤ ਹੋਵੇਗਾ ਜੋ ਸਮੂਹਿਕ ਫੈਲਾਅ ਨੂੰ ਰੋਕਣ ਵਿੱਚ ਕੰਮ ਆਵੇਗਾ। ਇਸ ਤੋਂ ਇਲਾਵਾ ਇਹ ਸਰਵੇਖਣ ਸਾਰੇ ਸਿਹਤ ਪ੍ਰੋਗਰਾਮਾਂ ਨੂੰ ਐਮ.ਆਈ.ਐਸ. ਆਧਾਰਿਤ ਨਿਗਰਾਨੀ ਲਈ ਸਹਾਇਤਾ ਪ੍ਰਦਾਨ ਕਰ ਕੇ ਨਵੀਂ ਦਿਸ਼ਾ ਪ੍ਰਦਾਨ ਕਰੇਗਾ।
ਸਿਵਲ ਸਰਜਨ ਨੇ ਦੱਸਿਆ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਲੱਛਣ ਪਾਏ ਗਏ ਵਿਅਕਤੀਆਂ ਦਾ ਕੋਰੋਨਾ ਟੈਸਟ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੂਰੇ ਜਿਲ੍ਹੇ ਵਿਚ ਇਸ ਸਬੰਧੀ ਵਿਭਾਗ ਵੱਲੋਂ ਆਸ਼ਾ ਵਰਕਰਾਂ ਦੀ ਟ੍ਰੇਨਿੰਗ ਮੁਕੰਮਲ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਇਹ ਮੁਹਿੰਮ ਦੌਰਾਨ ਲੋਕਾਂ ਨੂੰ ਮਾਸਕ ਪਹਿਨਣ, ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਲਈ ਵੀ ਲਗਾਤਾਰ ਜਾਗਰੂਕ ਕੀਤਾ ਜਾਵੇਗਾ।
—————–