Under “Sarbatt Sehat Bima Yojana” 12 government and 10 private hospitals in Tarn Taran district can provide free treatment up to Rs. 05 lakh to eligible beneficiaries – Deputy Commissioner
Publish Date : 10/03/2021

“ਸਰਬੱਤ ਸਿਹਤ ਬੀਮਾ ਯੋਜਨਾ” ਤਹਿਤ ਜ਼ਿਲਾ ਤਰਨ ਤਾਰਨ ਦੇ 12 ਸਰਕਾਰੀ ਅਤੇ 10 ਨਿੱਜੀ ਹਸਪਤਾਲਾਂ ਯੋਗ ਲਾਭਪਾਤਰੀ ਕਰਵਾ ਸਕਦੇ ਹਨ 05 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ-ਡਿਪਟੀ ਕਮਿਸ਼ਨਰ
ਯੋਜਨਾ ਦਾ ਲਾਭ ਲੈਣ ਲਈ ਸੇਵਾ ਕੇਂਦਰਾਂ, ਕਾਮਨ ਸਰਵਿਸ ਸੈਂਟਰਾਂ ਜਾਂ ਲੱਗ ਰਹੇ ਕੈਂਪਾਂ ਵਿੱਚ ਬਣਵਾਏ ਜਾ ਸਕਦੇ ਹਨ ਈ-ਕਾਰਡ
ਤਰਨ ਤਾਰਨ, 26 ਫਰਵਰੀ :
“ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ” ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲਾ ਤਰਨ ਤਾਰਨ ਦੇ 12 ਸਰਕਾਰੀ ਅਤੇ 10 ਨਿੱਜੀ ਹਸਪਤਾਲਾਂ ਨੂੰ ਪੰਜੀਕ੍ਰਿਤ ਕੀਤਾ ਗਿਆ ਹੈ।ਇਸ ਤੋਂ ਇਲਾਵਾ 04 ਹੋਰ ਪ੍ਰਾਈਵੇਟ ਹਸਪਤਾਲਾਂ ਨੂੰ ਪੰਜੀਕ੍ਰਿਤ ਕਰਨ ਦੀ ਪ੍ਰਕਿਰਿਆਂ ਜਲਦੀ ਮੁਕੰਮਲ ਹੋ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਧਾਰਕ ਲਾਭਪਾਤਰੀ ਇਨ੍ਹਾਂ ਪੰਜੀਕ੍ਰਿਤ ਹਸਪਤਾਲਾਂ ਵਿੱਚ ਆਪਣਾ 05 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ।
ਉਹਨਾਂ ਦੱਸਿਆ ਕਿ ਇਸ ਸਕੀਮ ਅਧੀਨ ਜ਼ਿਲ੍ਹਾ ਤਰਨ ਤਾਰਨ ਦੇ 12 ਸਰਕਾਰੀ ਹਸਪਤਾਲ ਜਿਵੇਂ ਕਿ ਸਿਵਲ ਹਸਪਤਾਲ ਤਰਨ ਤਾਰਨ, ਸਬ-ਡਵੀਜ਼ਨਲ ਹਸਪਤਾਲ ਪੱਟੀ, ਸਬ-ਡਵੀਜ਼ਨਲ ਹਸਪਤਾਲ ਖਡੂਰ ਸਾਹਿਬ, ਕਮਿਊਨਿਟੀ ਹੈੱਲਥ ਸੈਂਟਰ ਸੁਰ ਸਿੰਘ, ਕਮਿਊਨਿਟੀ ਹੈੱਲਥ ਸੈਂਟਰ ਸਰਹਾਲੀ, ਕਮਿਊਨਿਟੀ ਹੈੱਲਥ ਸੈਂਟਰ ਕਸੇਲ, ਕਮਿਊਨਿਟੀ ਹੈੱਲਥ ਸੈਂਟਰ ਕੈਰੋਂ, ਕਮਿਊਨਿਟੀ ਹੈੱਲਥ ਸੈਂਟਰ ਝਬਾਲ, ਕਮਿਊਨਿਟੀ ਹੈੱਲਥ ਸੈਂਟਰ ਘਰਿਆਲਾ, ਕਮਿਊਨਿਟੀ ਹੈੱਲਥ ਸੈਂਟਰ ਖੇਮਕਰਨ, ਕਮਿਊਨਿਟੀ ਹੈੱਲਥ ਸੈਂਟਰ ਮੀਆਵਿੰਡ ਅਤੇ ਕਮਿਊਨਿਟੀ ਹੈੱਲਥ ਸੈਂਟਰ ਨੌਸ਼ਹਿਰਾ ਪੰਨੂਆਂ ਹਸਪਤਾਲ ਪੰਜੀਕ੍ਰਿਤ ਹਨ।
ਇਸ ਤੋਂ ਇਲਾਵਾ 10 ਪ੍ਰਾਈਵੇਟ ਹਸਪਤਾਲ ਵੀ ਜਿਵੇਂ ਕਿ ਖਾਰਾ ਹਸਪਤਾਲ ਵਲਟੋਹਾ, ਸੰਧੂ ਸਰਜੀਕਲ ਹਸਪਤਾਲ ਪੱਟੀ, ਸਰਤਾਜ ਅਤੇ ਬਲਰਾਜ ਹਸਪਤਾਲ ਹਰੀਕੇ, ਰਾਣਾ ਹਸਪਤਾਲ ਖਾਲੜਾ, ਵਿਜੈ ਧਵਨ ਹਸਪਤਾਲ ਭਿੱਖੀਵਿੰਡ, ਸੰਧੂ ਹਸਪਤਾਲ ਭਿੱਖੀਵਿੰਡ, ਸਿਮਰਨ ਹਸਪਤਾਲ ਭਿੱਖੀਵਿੰਡ, ਅਨੰਦ ਹਸਪਤਾਲ ਭਿੱਖੀਵਿੰਡ, ਬਾਬਾ ਬਿਧੀ ਚੰਦ ਹਸਪਤਾਲ ਪੱਟੀ, ਦੁੱਖ ਨਿਵਾਰਣ ਮਿਸ਼ਨ ਹਸਪਤਾਲ ਗੋਇੰਦਵਾਲ ਸਾਹਿਬ ਪੰਜੀਕ੍ਰਿਤ ਹਨ ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ 5 ਲੱਖ ਰੁਪਏ ਤੱਕ ਦੇ ਸਲਾਨਾ ਸਿਹਤ ਬੀਮਾ ਅਧੀਨ ਮੁਫ਼ਤ ਡਾਕਟਰੀ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਵਿੱਚ ਬੀ. ਪੀ. ਐਲ. ਪਰਿਵਾਰ, ਸਮਾਰਟ ਰਾਸ਼ਨ ਕਾਰਡ ਧਾਰਕ, ਉਸਾਰੀ ਕਾਮੇ, ਕਿਸਾਨ ਅਤੇ ਵਪਾਰੀ ਅਤੇ ਪੀਲਾ ਤੇ ਗੁਲਾਬੀ ਕਾਰਡ ਧਾਰਕ ਪੱਤਰਕਾਰ ਆਦਿ ਸ਼ਾਮਲ ਹਨ।
ਜ਼ਿਲ੍ਹਾ ਤਰਨ ਤਾਰਨ ਵਿੱਚ ਲੱਗੱਭਗ 12,363 ਮਰੀਜ਼ਾਂ ਨੂੰ ਜਨਵਰੀ, 2021 ਤੱਕ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਤਕਰੀਬਨ 10 ਕਰੋੜ 32 ਲੱਖ 74 ਹਜ਼ਾਰ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਕੁੱਲ 169722 ਪਰਿਵਾਰਾਂ ਵਿੱਚੋਂ ਹੁਣ ਤੱਕ 99,822 ਪਰਿਵਾਰ ਇਸ ਸਕੀਮ ਅਧੀਨ ਕਵਰ ਕੀਤੇ ਜਾ ਚੁੱਕੇ ਹਨ ਅਤੇ ਯੋਗ ਲਾਭਪਾਤਰੀਆਂ ਦੇ 2,14,263 ਈ-ਕਾਰਡ ਬਣਾਏ ਗਏ ਹਨ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਲਈ ਯੋਗ ਲਾਭਪਾਤਰੀਆਂ ਦੇ ਈ-ਕਾਰਡ ਬਣਾਉਣ ਲਈ 28 ਫਰਵਰੀ ਤੱਕ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਵੈਨ ਵੀ ਚਲਾਈ ਜਾ ਰਹੀ ਹੈ। ਜ਼ਿਲ੍ਹੇ ਵਿੱਚ 08 ਮਾਰਕਿਟ ਕਮੇਟੀਆਂ ਜਿਵੇਂ ਕਿ ਤਰਨ ਤਾਰਨ, ਝਬਾਲ, ਨੌਸ਼ਹਿਰਾ ਪੰਨੂਆਂ, ਪੱਟੀ, ਭਿੱਖੀਵਿੰਡ, ਹਰੀਕੇ, ਖ਼ਡੂਰ ਸਾਹਿਬ, ਖੇਮਕਰਨ ਵਿਖੇ ਵੀ ਇਹ ਕਾਰਡ ਬਣਾਉਣ ਦੀ ਸਹੂਲਤ ਹੈ ।
ਇਸ ਤੋਂ ਇਲਾਵਾ ਸੇਵਾ ਕੇਂਦਰਾਂ, ਕਾਮਨ ਸਰਵਿਸ ਸੈਂਟਰਾਂ ਜਾਂ ਲੱਗ ਰਹੇ ਕੈਂਪਾਂ ਵਿੱਚ ਵੀ ਇਹ ਕਾਰਡ ਬਣਵਾਏ ਜਾ ਸਕਦੇ ਹਨ।ਕਾਰਡ ਬਣਾਉਣ ਦੌਰਾਨ ਲਾਭਪਾਤਰੀ ਆਧਾਰ ਕਾਰਡ, ਜੇ ਫਾਰਮ, ਨੀਲਾ ਕਾਰਡ, ਕੰਨਸਟਰੱਕਸ਼ਨ ਆਈ-ਡੀ ਕਾਰਡ ਆਦਿ ਲੈ ਕੇ ਜਾਣ, ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਕਾਰਡ ਨਹੀਂ ਹੈ ਤਾਂ ਉਹ ਸਵੈ ਘੋਸ਼ਣਾ ਪੱਤਰ ਦੇ ਸਕਦਾ ਹੈ ਜੋ ਕਿ ਕਾਮਨ ਸਰਵਿਸ ਸੈਂਟਰ ਵਿੱਚ ਮੌਜੂਦ ਹੈ।