Under the leadership of District Youth Officer Jasleen Kaur, a workshop was organized regarding the awareness about the adverse effects of drugs
Publish Date : 23/02/2023
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਜ਼ਿਲ੍ਹਾ ਯੁਵਾ ਅਫ਼ਸਰ ਜਸਲੀਨ ਕੌਰ ਦੀ ਅਗਵਾਈ ਹੇਠ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਸਬੰਧੀ ਵਰਕਸ਼ਾਪ ਦਾ ਆਯੋਜਨ
ਤਰਨ ਤਾਰਨ, 22 ਫਰਵਰੀ :
ਨਹਿਰੂ ਯੁਵਾ ਕੇਂਦਰ ਤਰਨਤਾਰਨ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸਰਕਾਰੀ ਡਿਗਰੀ ਕਾਲਜ ਸ਼ਾਹਬਾਜ਼ਪੁਰ ਦੇ ਸਹਿਯੋਗ ਨਾਲ ਜ਼ਿਲ੍ਹਾ ਯੁਵਾ ਅਫ਼ਸਰ ਮੈਡਮ ਜਸਲੀਨ ਕੌਰ ਦੀ ਅਗਵਾਈ ਹੇਠ ਨਸ਼ਿਆਂ ਦੀ ਵੱਧ ਰਹੀ ਲਾਹਣਤ ਬਾਰੇ ਇੱਕ ਰੋਜ਼ਾ ਸਥਾਨਕ ਥੀਮ ਆਧਾਰਿਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 60 ਨੌਜਵਾਨ ਵਲੰਟੀਅਰਾਂ ਨੇ ਭਾਗ ਲਿਆ।
ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਜਸਲੀਨ ਕੌਰ, ਸ੍ਰੀ ਗੁਰੂ ਅੰਗਦ ਦੇਵ ਕਾਲਜ ਦੀ ਪਿ੍ੰਸੀਪਲ ਮੈਡਮ ਜੋਤੀ ਬਾਲਾ, ਸ਼ਾਹਬਾਜ਼ਪੁਰ ਕਾਲਜ ਦੀ ਪਿ੍ੰਸੀਪਲ ਮੈਡਮ ਰੁਪਿੰਦਰ ਕੌਰ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ | ਪ੍ਰੋਗਰਾਮ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ‘ਤੇ ਕੇਂਦਰਿਤ ਸੀ।
ਪ੍ਰੋਫੈਸਰ ਸੁਭਾਸ਼ ਮੈਣੀ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੈਕਚਰ ਦਿੱਤਾ। ਉਨ੍ਹਾਂ ਸਮਾਜ ਵਿੱਚੋਂ ਇਸ ਬੁਰਾਈ ਨੂੰ ਜੜ੍ਹੋਂ ਪੁੱਟਣ ਲਈ ਨੌਜਵਾਨਾਂ ਵਿੱਚ ਸਵੈ-ਜਾਗਰੂਕਤਾ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਜਸਲੀਨ ਕੌਰ ਨੇ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਬੁਰਾਈ ਦਾ ਸ਼ਿਕਾਰ ਨਾ ਹੋ ਕੇ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਬੁਰਾਈ ਤੋਂ ਉਪਰ ਉਠ ਕੇ ਰਾਸ਼ਟਰ ਨਿਰਮਾਣ ਕਾਰਜਾਂ ਲਈ ਆਪਣੀ ਊਰਜਾ ਨੂੰ ਲਗਾਉਣ।
ਪ੍ਰਿੰਸੀਪਲ ਜੋਤੀ ਬਾਲਾ ਨੇ ਵੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਵੈ-ਪ੍ਰੇਰਿਤ ਹੋ ਕੇ ਸਮਾਜ ਪ੍ਰਤੀ ਯੋਗਦਾਨ ਪਾਉਣ।
ਨਸ਼ਿਆਂ ਅਤੇ ਇਸ ਦੀ ਦੁਰਵਰਤੋਂ ਦੇ ਵਿਸ਼ੇ ’ਤੇ ਪੋਸਟਰ ਮੇਕਿੰਗ, ਭਾਸ਼ਣ ਮੁਕਾਬਲੇ ਅਤੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ। ਜੇਤੂਆਂ ਨੂੰ ਨਹਿਰੂ ਯੁਵਾ ਕੇਂਦਰ ਤਰਨਤਾਰਨ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਰਿਫਰੈਸ਼ਮੈਂਟ ਦਿੱਤੀ ਗਈ।