Under the Mahatma Gandhi NREGA scheme, 118 crore rupees will be spent on various works in Taran Taran district for the financial year 2022-23-Deputy Commissioner
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਵਿੱਤੀ ਸਾਲ 2022-23 ਲਈ ਜ਼ਿਲ੍ਹਾ ਤਰਨ ਤਾਰਨ ਵਿੱਚ ਵੱਖ ਵੱਖ ਕੰਮਾਂ ‘ਤੇ ਖਰਚ ਕੀਤੇ ਜਾਣਗੇ 118 ਕਰੋੜ ਰੁਪਏ-ਡਿਪਟੀ ਕਮਿਸ਼ਨਰ
ਮਗਨਰੇਗਾ ਸਕੀਮ ਤਹਿਤ ਜ਼ਿਲ੍ਹੇ ਵਿੱਚ 1 ਲੱਖ 70 ਘਰਾਂ ਨੂੰ ਰੋਜ਼ਗਾਰ ਦੇਣ ਲਈ ਪੈਦਾ ਕੀਤੀਆਂ ਜਾਣਗੀਆਂ 23 ਲੱਖ ਦਿਹਾੜੀਆਂ
ਤਰਨ ਤਾਰਨ, 17 ਜਨਵਰੀ :
ਮਗਨਰੇਗਾ ਸਕੀਮ ਤਹਿਤ ਵਿੱਤੀ ਸਾਲ 2022-23 ਲਈ ਜ਼ਿਲ੍ਹਾ ਤਰਨ ਤਾਰਨ ਵਿੱਚ ਵੱਖ ਵੱਖ ਕੰਮਾਂ ‘ਤੇ 118 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਮਗਨਰੇਗਾ ਸਕੀਮ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ 1 ਲੱਖ 70 ਘਰਾਂ ਨੂੰ ਰੋਜ਼ਗਾਰ ਦੇਣ ਲਈ ਲੱਗਭੱਗ 23 ਲੱਖ ਦਿਹਾੜੀਆਂ ਪੈਦਾ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿੱਤੀ ਸਾਲ 2022-23 ਵਿਚ ਭਾਰਤ ਸਰਕਾਰ ਵਲੋਂ ਪੰਜਾਬ ਰਾਜ ਵਿੱਚ ਇਸ ਸਕੀਮ ਤਹਿਤ 282 ਰੁਪਏ ਦਿਹਾੜੀ ਨੀਯਤ ਕੀਤੀ ਗਈ ਹੈ।ਮਹਾਤਮਾ ਗਾਂਧੀ ਨਰੇਗਾ ਸਕੀਮ 1 ਅਪ੍ਰੈਲ, 2008 ਤੋਂ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ।ਮਗਨਰੇਗਾ ਸਬੰਧੀ ਪਹਿਲਾ ਐਕਟ 2005 ਵਿਚ ਭਾਰਤ ਸਰਕਾਰ ਵਲੋਂ ਤਿਆਰ ਕੀਤਾ ਗਿਆ ਸੀ, ਇਸ ਉਪਰੰਤ ਸਾਲ 2008 ਅਤੇ 2013 ਵਿਚ ਸੋਧ ਕੀਤੀ ਗਈ ਹੈ।ਇਸ ਸਕੀਮ ਦਾ ਮੁੱਖ ਮੰਤਵ ਲੋੜਵੰਦ ਲੋਕਾਂ ਦੇ ਜਾੱਬ ਕਾਰਡ ਤਿਆਰ ਕਰਕੇ ਉਹਨਾਂ ਨੂੰ ਰੋਜ਼ਗਾਰ ਦੇਣਾ ਹੈ ਅਤੇ ਪਿੰਡਾਂ ਵਿਚ ਸਥਾਈ ਜਾਇਦਾਦਾਂ ਤਿਆਰ ਕਰਨੀਆਂ ਹਨ।ਇਸ ਸਕੀਮ ਤਹਿਤ ਕੋਈ ਵੀ ਵਿਅਕਤੀ ਜੋ ਲੇਬਰ ਕਰਨੀ ਚਾਹੁੰਦਾ ਹੋਵੇ ਆਪਣਾ ਜਾੱਬ ਕਾਰਡ ਬਣਾ ਕੇ ਰੋਜਗਾਰ ਪ੍ਰਾਪਤ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਗਨਰੇਗਾ ਜਾੱਬ ਕਾਰਡ ਹੋਲਡਰਾਂ ਨੂੰ ਮਗਨਰੇਗਾ ਅਧੀਨ ਵੱਧ ਤੋ ਵੱਧ ਸਹੂਲਤ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਜਿਲ੍ਹਾ ਤਰਨ ਤਾਰਨ ਦੇ ਹਰੇਕ ਪਿੰਡ ਵਿੱਚ ਕੈਟਲ ਸ਼ੈੱਡ, ਸੂਰਾਂ, ਬੱਕਰੀਆਂ ਦੇ ਸ਼ੈੱਡ ਬਣਾਉਣ ਦਾ ਲਾਭ ਮਗਨਰੇਗਾ ਅਧੀਨ ਦਿੱਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਜਿੰਨ੍ਹਾਂ ਜਾੱਬ ਕਾਰਡ ਹੋਲਡਰਾਂ ਨੇ ਇਸ ਸਕੀਮ ਤਹਿਤ 50 ਦਿਹਾੜੀਆਂ ਦਾ ਰੋਜ਼ਗਾਰ ਲਿਆ ਹੈ, ਉਹਨਾਂ ਨੂੰ ਇਹ ਸਹੂਲਤ ਦਾ ਲਾਭ ਪਹਿਲ ਦੇ ਆਧਾਰ ‘ਤੇ ਦਿੱਤਾ ਜਾਵੇਗਾ।ਉਹਨਾਂ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਵਿਚ ਮਗਨਰੇਗਾ ਅਧੀਨ ਛੱਪੜਾਂ ਦੇ ਨਵੀਨੀਕਰਨ, ਸੀਚੇਵਾਲ ਮਾਡਲ ਛੱਪੜਾਂ ਦੇ ਨਿਰਮਾਣ ਦੇ ਕੰਮ, ਪਲਾਂਟੇਸ਼ਨ, ਆਂਗਣਵਾੜੀ ਸੈਂਟਰ, ਰੂਰਲ ਕੁਨੇਕਟਿਵਿਟੀ ਅਤੇ ਪਾਰਕਾਂ ਦੀ ਉਸਾਰੀ ਆਦਿ ਦੇ ਕੰਮ ਕਰਵਾਏ ਜਾ ਰਹੇ ਹਨ।