Violators of the Tobacco Products Act-2003 will be fined – Deputy Commissioner
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਤੰਬਾਕੂ ਉਤਪਾਦ ਐਕਟ-2003 ਦੀ ਉਲੰਘਣਾ ਕਰਨ ਵਾਲਿਆਂ ਨੂੰ ਕੀਤੇ ਜਾਣਗੇ ਜੁਰਮਾਨੇ-ਡਿਪਟੀ ਕਮਿਸ਼ਨਰ
ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਤੰਬਾਕੂ ਦੇ ਮਾੜ੍ਹੇ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਗਤੀਵਿਧੀਆਂ ਕਰਵਾਉਣ ਦੇ ਦਿੱਤੇ ਆਦੇਸ਼
ਤਰਨ ਤਾਰਨ, 26 ਮਈ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਮੋਨੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜ਼ਿਲ੍ਹਾ ਟਾਸਕ ਫੋਰਸ ਤੰਬਾਕੂ ਦੀ ਮੀਟਿੰਗ ਹੋਈ । ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ, ਡਾ. ਸੁਖਬੀਰ ਕੌਰ ਜ਼ਿਲ੍ਹਾ ਨੋਡਲ ਅਫ਼ਸਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਤੀਸ਼ ਕੁਮਾਰ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਹਰਭਗਵੰਤ ਸਿੰਘ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਮੈਡਮ ਸੰਯੋਗਤਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਕਿਰਤਪ੍ਰੀਤ ਕੌਰ, ਕਾਰਜਸਾਧਕ ਅਫ਼ਸਰ ਤਰਨ ਤਾਰਨ ਸ੍ਰੀ ਭੁਪਿੰਦਰ ਸਿੰਘ, ਕਾਰਜਸਾਧਕ ਅਫ਼ਸਰ ਖੇਮਕਰਨ/ਭਿੱਖੀਵਿੰਡ ਸ੍ਰੀ ਕਮਲਜੀਤ ਸਿੰਘ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੰਬਾਕੂ ਉਤਪਾਦ ਐਕਟ-2003 ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਕੀਤੇ ਜਾਣਗੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦੂਸਰੇ ਵਿਭਾਗਾਂ ਨਾਲ ਤਾਲਮੇਲ ਕਰਕੇ ਜਨਤਕ ਸਥਾਨਾਂ ‘ਤੇ ਤੰਬਾਕੂਨੋਸ਼ੀ ਨੂੰ ਬੰਦ ਕਰਵਾਉਣ, ਸਰਕਾਰੀ ਇਮਰਤਾਂ ਨੂੰ ਤੰਬਾਕੂ ਮੁਕਤ ਬਣਾਉਣ ਅਤੇ ਲੋਕਾਂ ਨੂੰ ਤੰਬਾਕੂ ਦੇ ਮਾੜ੍ਹੇ ਪ੍ਰਭਾਵਾਂ ਤੋਂ ਜਾਗਰੂਕ ਕਰਵਾਉਣ ਲਈ ਗਤੀਵਿਧੀਆਂ ਕਰਵਾਈਆਂ ਜਾਣ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਤੰਬਾਕੂ ਦਾ ਸੇਵਨ ਕਰਨਾ ਹੋਰ ਜਾਨਲੇਵਾ ਸਾਬਿਤ ਹੋ ਸਕਦਾ ਹੈ, ਕਿਉਂਕਿ ਤੰਬਾਕੂ ਦਾ ਸੇਵਨ ਗਲੇ, ਮੂੰਹ ਅਤੇ ਫੇਫੜੇ ਦੇ ਕੈਂਸਰ ਦਾ ਕਾਰਨ ਬਣਦਾ ਹੈ । ਉਹਨਾਂ ਕਿਹਾ ਕਿ ਜੋ ਵਿਅਕਤੀ ਸਿਗਰੇਟ, ਬੀੜ੍ਹੀ ਪੀਣ ਵਾਲਿਆਂ ਦੇ ਸੰਪਰਕ ਵਿੱਚ ਰਹਿੰਦੇ ਹਨ, ਉਹ ਅਣਜਾਣੇ ਤੌਰ ‘ਤੇ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਤੰਬਾਕੂ ਦੇ ਧੂੰਏ ਵਿੱਚ ਲਗਭਗ 40,000 ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਹਨ, ਜਿਨ੍ਹਾਂ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੀ ਬਿਮਾਰੀਆਂ ਹੋ ਸਕਦੀਆਂ ਹਨ ।
ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਜ਼ਿਲ੍ਹਾ ਟਾਸਕ ਫੋਰਸ ਦਾ ਮੁੱਖ ਮਕਸਦ ਛੋਟੀ ਉਮਰ ਵਿੱਚ ਤੰਬਾਕੂ ਦੇ ਸੇਵਨ ਨੂੰ ਰੋਕਣ ਬਾਰੇ ਜਾਗਰੂਕ ਕਰਨਾ ਹੈ । ਉਹਨਾਂ ਕਿਹਾ ਕਿ ਯੁਵਾ ਪੀੜ੍ਹੀ ਵਿੱਚ 18 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਵਿੱਚ ਖਾਣ ਵਾਲੇ ਤੰਬਾਕੂ ਦਾ ਬਹੁਤ ਰੁਝਾਨ ਵੇਖਿਆ ਜਾ ਰਿਹਾ ਹੈ, ਜਿਵੇਂ ਕਿ ਚੈਨੀ ਖੈਣੀ, ਜ਼ਰਦਾ ਅਤੇ ਹੁੱਕਾ ਆਦਿ । ਇਹ ਕਾਰਨ ਹੈ ਕਿ ਸਰਕਾਰ ਵੱਲੋਂ ਹਰੇਕ ਵਿੱਦਿਅਕ ਅਦਾਰੇ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੇ ਵਿਕਰੀ ਸੇਵਨ ‘ਤੇ ਕਾਨੂੰਨੀ ਮਨਾਹੀ ਹੈ ਅਤੇ 18 ਸਾਲ ਦੀ ਉਮਰ ਦੇ ਘੱਟ ਬੱਚੇ ਨੂੰ ਤੰਬਾਕੂ ਪਦਾਰਥ ਸੇਵਨ ‘ਤੇ ਵੇਚਣ ਦੀ ਮਨਾਹੀ ਹੈ । ਉਹਨਾਂ ਕਿਹਾ ਜੁਵੈਨਾਈਲ ਜਸਟਿਸ ( ਕੇਅਰ ਅਤੇ ਪ੍ਰੋਟੈਕਸ਼ਨ ਆੱਫ ਚਿਲਡਰਨ ) ਐੱਕਟ 2015 ਅਨੁਸਾਰ ਬੱਚਿਆਂ ਨੂੰ ਤੰਬਾਕੂ ਪੇਸ਼ ਕਰਨ ਤੇ 07 ਸਾਲ ਦੀ ਕੈਦ ਹੋ ਸਕਦੀ ਹੈ ।
ਇਸ ਮੌਕੇ ਡਾ. ਸੁਖਬੀਰ ਕੌਰ ਜ਼ਿਲ੍ਹਾ ਨੋਡਲ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਸਾਲ 31 ਮਈ ਨੂੰ ਵਰਲਡ ਨੋ ਤੰਬਾਕੂ ਡੇ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਦੀ ਥੀਮ ਹੈ, ਤੰਬਾਕੂ ਸਾਡੇ ਸੰਸਾਰ (ਕੁਦਰਤ) ਵਾਸਤੇ ਜਾਨਲੇਵਾ ਹੈ । ਉਨ੍ਹਾਂ ਨੇ ਆਏ ਹੋਏ ਵੱਖ-ਵੱਖ ਵਿਭਾਗਾਂ ਨੂੰ ਅਪੀਲ ਕੀਤੀ ਕਿ ਅਸੀਂ ਰਲ ਮਿਲ ਕੇ ਲੋਕਾਂ ਅਤੇ ਕੁਦਰਤ ਨੂੰ ਬਚਾਈਏ ਅਤੇ ਵਿਸ਼ਵ ਨੂੰ ਤੰਬਾਕੂ ਮੁਕਤ ਬਣਾਈਏ ।