“Voters will link their Aadhaar card with voter ID at designated polling stations on 12th February during the special camp -District election officer
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਲਈ 12 ਫਰਵਰੀ ਨੂੰ ਸਮੂਹ ਪੋਲਿੰਗ ਸਟੇਸ਼ਨਾਂ ਲੱਗਣਗੇ ਵਿਸ਼ੇਸ਼ ਕੈਂਪ-ਜ਼ਿਲ੍ਹਾ ਚੋਣ ਅਫ਼ਸਰ
ਤਰਨ ਤਾਰਨ, 11 ਫਰਵਰੀ :
ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਵੋਟਰ ਸੂਚੀਆਂ ਨੂੰ ਸ਼ੁੱਧ ਅਤੇ ਤਰੁੱਟੀ ਰਹਿਤ ਤਿਆਰ ਕਰਨ ਅਤੇ ਵੋਟਰਾਂ ਨੂੰ ਸਮੇਂ-ਸਮੇਂ ਸਿਰ ਵੋਟਰ ਸੁਵਿਧਾਵਾਂ ਦੇਣ ਜਿਵੇਂ ਕਿ ਉਨ੍ਹਾਂ ਨੂੰ ਆਪਣੀ ਵੋਟ/ਪੋਲਿੰਗ ਸਟੇਸ਼ਨ, ਬੂਥ ਲੈਵਲ ਅਫ਼ਸਰ ਆਦਿ ਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਮੰਤਵ ਨੂੰ ਪੂਰਾ ਕਰਨ ਲਈ 01 ਅਗਸਤ 2022 ਤੋਂ ਪੰਜਾਬ ਰਾਜ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਬਤੌਰ ਰਜਿਸਟਰ ਹੋਏ ਵੋਟਰਾਂ ਦੇ ਡਾਟੇ ਨੂੰ ਅਧਾਰ ਕਾਰਡ ਨਾਲ ਲਿੰਕ ਕਰਕੇ ਉਨ੍ਹਾਂ ਦੀ ਵੋਟਰ ਸੂਚੀ ਵਿੱਚ ਐਂਟਰੀ ਨੂੰ ਤਸਦੀਕ ਕਰਨ ਦਾ ਉਪਰਾਲਾ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ 01 ਅਗਸਤ 2022 ਤੋਂ ਲਗਾਤਾਰ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਕੀਤੇ ਹੋਏ ਬੂਥ ਲੈਵਲ ਅਫ਼ਸਰਾਂ ਵਲੋਂ ਵੋਟਰਾਂ ਦੇ ਘਰ-ਘਰ ਜਾ ਕੇ ਆਨ ਲਾਈਨ ਵਿਧੀ (ਮੋਬਾਇਲ ਐਪ ਰਾਹੀਂ) ਅਤੇ ਆਫ਼ ਲਾਈਨ ਵਿਧੀ (ਫਾਰਮ ਨੰਬਰ 6-ਬੀ) ਭਰਵਾ ਕੇ ਵੋਟਰਾਂ ਦੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ। ਭਾਰਤ ਚੋਣ ਕਮਿਸ਼ਨ ਵੱਲੋਂ 31 ਮਾਰਚ 2023 ਤੱਕ ਇਸ ਕੰਮ ਨੂੰ 100 ਪ੍ਰਤੀਸ਼ਤ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਰਾਂ ਪਾਸੋਂ ਆਧਾਰ ਨੰਬਰ ਪ੍ਰਾਪਤ ਕਰਕੇ ਇਸਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਸਬੰਧੀ ਪੰਜਾਬ ਰਾਜ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਸਤੰਬਰ 2022 ਤੋਂ ਮਾਰਚ 2023 ਦੌਰਾਨ ਹਰੇਕ ਮਹੀਨੇ ਦੌਰਾਨ ਇੱਕ ਦਿਨ ਸਵੇਰੇ 09 ਵਜੇ ਤੋਂ ਲੈ ਕੇ ਸ਼ਾਮ 05 ਵਜੇ ਤੱਕ ਹਰੇਕ ਪੋਲਿੰਗ ਸਟੇਸ਼ਨ ਤੇ ਚੋਣ ਹਲਕਿਆਂ ਵਿੱਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫ਼ਸਰਾਂ ਵਲੋਂ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ 12 ਫਰਵਰੀ, 2023 ਦਿਨ ਐਤਵਾਰ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਬੂਥ ਲੈਵਲ ਅਫ਼ਸਰਾਂ ਵੱਲੋਂ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ‘ਤੇ ਵਿਸ਼ੇਸ਼ ਕੈਂਪ ਲਗਾਇਆ ਜਾਣਾ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਚੋਣ ਹਲਕਾ ਪੱਟੀ, ਤਰਨ ਤਾਰਨ, ਖਡੂਰ ਸਾਹਿਬ ਅਤੇ ਖੇਮਕਰਨ ਦੇ ਵੋਟਰਾਂ ਨੂੰ ਵਿਸ਼ੇਸ ਤੌਰ ‘ਤੇ ਅਪੀਲ ਕਰਦਿਆਂ ਕਿਹਾ ਕਿ 12 ਫਰਵਰੀ ਨੂੰ ਸਵੇਰੇ 09 ਵਜੇ ਤੋਂ ਲੈ ਕੇ ਸ਼ਾਮ 05 ਵਜੇ ਤੱਕ ਕਿਸੇ ਵੀ ਸਮੇਂ ਆਪਣੇ ਪੋਲਿੰਗ ਸਟੇਸ਼ਨ ਉਤੇ ਜਾ ਕੇ ਆਪਣੇ ਆਧਾਰ ਕਾਰਡ ਦੀ ਕਾਪੀ ਪੋਲਿੰਗ ਸਟੇਸ਼ਨ ਦੇ ਸਬੰਧਤ ਬੂਥ ਲੈਵਲ ਅਫ਼ਸਰ ਪਾਸ ਜਮ੍ਹਾਂ ਕਰਵਾ ਕੇ ਆਪਣੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਕੇ ਭਾਰਤ ਚੋਣ ਕਮਿਸ਼ਨ ਵਲੋਂ ਸ਼ੁਰੂ ਕੀਤੇ ਗਏ ਸ਼ੁਧ ਅਤੇ ਤਰੁੱਟੀ ਰਹਿਤ ਵੋਟਰ ਸੂਚੀਆਂ ਤਿਆਰ ਅਤੇ ਵੋਟਰਾਂ ਨੂੰ ਵੋਟਰ ਸਹੂਲਤਾਂ ਪ੍ਰਦਾਨ ਕਰਨ ਦੀ ਇਸ ਮੁਹਿੰਮ ਵਿੱਚ ਸਹਿਯੋਗ ਪਾਇਆ ਜਾਵੇ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਵੋਟਰਾਂ ਵੱਲੋਂ ਆਧਾਰ ਕਾਰਡ ਲਿੰਕ ਕਰਵਾਉਣਾ ਵੋਲੰਟਰੀ ਹੈ ਨਾ ਕਿ ਲਾਜ਼ਮੀ ਅਤੇ ਜੇਕਰ ਕਿਸੇ ਵੋਟਰ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਉਸ ਵੋਟਰ ਦੀ ਐਂਟਰੀ ਭਾਰਤ ਚੋਣ ਕਮਿਸ਼ਨ ਵਲੋਂ ਨਿਰਧਾਰਤ ਕੀਤੇ ਗਏ ਕੁੱਲ 11 ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਦਸਤਾਵੇਜ਼ ਜਿਵੇਂ ਕਿ ਮਗਨਰੇਗਾ ਨੌਕਰੀ ਕਾਰਡ, ਬੈਂਕ/ਡਾਕਖਾਨੇ ਦੁਆਰਾ ਜਾਰੀ ਕੀਤੀ ਗਈ ਫੋਟੋ ਵਾਲੀ ਪਾਸਬੁੱਕ, ਕਿਰਤ ਮੰਤਰਾਲੇ ਦੀ ਸਕੀਮ ਅਧੀਨ ਜਾਰੀ ਕੀਤਾ ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਐਨ. ਪੀ. ਆਰ ਤੇ ਆਰ. ਜੀ. ਆਈ ਵੱਲੋਂ ਜਾਰੀ ਕੀਤਾ ਗਿਆ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਸਮੇਤ ਪੈਨਸ਼ਨ ਦਸਤਾਵੇਜ਼, ਕੇਂਦਰੀ/ਰਾਜ ਸਰਕਾਰ/ਪੀ. ਐੱਸ. ਯੂ/ਪਬਲਿਕ ਲਿਮਟਿਡ ਕੰਪਨੀਆਂ ਦੁਆਰਾ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਫੋਟੋ ਵਾਲਾ ਸੇਵਾ ਸ਼ਨਾਖਤੀ ਕਾਰਡ, ਸੰਸਦ ਮੈਂਬਰਾਂ/ਵਿਧਾਇਕਾਂ/ਐੱਮ. ਐੱਲ. ਸੀ. ਨੂੰ ਜਾਰੀ ਕੀਤਾ ਅਧਿਕਾਰ ਸ਼ਨਾਖਤ ਕਾਰਡ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ, ਭਾਰਤ ਸਰਕਾਰ ਵਲੋਂ ਜਾਰੀ ਵਿਲੱਖਣ ਦਿਵਿਆਂਗਤਾ ਸ਼ਨਾਖਤ ਕਾਰਡ (ਯੂ. ਡੀ. ਆਈ. ਡੀ) ਦੀ ਕਾਪੀ ਦੇ ਕੇ ਤਸਦੀਕ ਕਰਵਾ ਸਕਦਾ ਹੈ।